MENU

Dera Baba Murad

  ਜੈ ਬਾਬਾ ਸ਼ੇਰੇ ਸ਼ਾਹ ਜੀ | ਜੈ ਬਾਬਾ ਮੁਰਾਦ ਸ਼ਾਹ ਜੀ | ਜੈ ਬਾਬਾ ਲਾਡੀ ਸ਼ਾਹ ਜੀ

 

ਜਿੰਨਾ ਪਿਆਰ ਸਾਈਂ ਜੀ ਸਾਰਿਆਂ ਨੂੰ ਕਰਦੇ ਨੇ ਉਨ੍ਹਾਂ ਹੀ ਪਿਆਰ ਸਾਈਂ ਜੀ ਨੂੰ ਮੰਨਣ ਵਾਲੇ ਵੀ ਉਨ੍ਹਾਂ ਨੂੰ ਕਰਦੇ ਨੇ। ਇੱਕ ਵਾਰ ਇੱਕ ਗਰੀਬ ਔਰਤ ਸਾਈਂ ਜੀ ਲਈ ਕੰਬਲ ਲੈਕੇ ਆਈ, ਸਾਈਂ ਜੀ ਨੇ ਕਿਹਾ "ਵਾਪਿਸ ਲੈਜਾ ਨਹੀਂ ਲੈਣਾ" ਉਹ ਔਰਤ ਕੰਬਲ ਵਾਪਿਸ ਲੈ ਕੇ ਘਰ ਚਲੀ ਗਈ। ਇੱਕ ਮੁਰੀਦ ਨੇ ਸਾਈਂ ਜੀ ਨੂੰ ਪੁੱਛਿਆ ਕਹਿੰਦਾ "ਸਾਈਂ ਜੀ ਉਹ ਔਰਤ ਇੰਨੀ ਸ਼ਰਧਾ ਨਾਲ ਆਈ ਸੀ। ਤੁਸੀਂ ਉਸਦਾ ਕੰਬਲ ਸਵੀਕਾਰ ਕਿਓਂ ਨਹੀਂ ਕੀਤਾ"? ਸਾਈਂ ਜੀ ਕਹਿੰਦੇ "ਉਸਦੇ ਆਪਣੇ ਬੱਚੇ ਠੰਡ ਵਿੱਚ ਸੌਂਦੇ ਨੇ ਤੇ ਸਾਡੇ ਵਾਸਤੇ ਕੰਬਲ ਲੈ ਕੇ ਆਈ ਸੀ। ਮੈਂ ਕਿੱਦਾਂ ਲੈ ਸੱਕਦਾ ਸੀ"। ਸਾਈਂ ਜੀ ਦਾ ਮੁਰਾਦਾਂ ਵੰਡਣ ਦਾ ਵੀ ਆਪਣਾ ਹੀ ਇੱਕ ਅੰਦਾਜ਼ ਸੀ, ਹਮੇਸ਼ਾ ਕੋਈ ਛੋਟਾ ਜਿਹਾ ਬਹਾਨਾ ਬਣਾ ਕੇ ਲੋਕਾਂ ਨੂੰ ਬਹੁਤ ਕੁੱਛ ਦੇ ਦਿੰਦੇ ਸੀ। ਅੱਜ ਦੇ ਜ਼ਮਾਨੇ ਵਿੱਚ ਲੋਕ ਕੁੱਛ ਲੈਣ ਲਈ ਬਹਾਨੇ ਬਣਾਉਂਦੇ ਨੇ, ਅਤੇ ਸਾਈਂ ਜੀ ਦੇਣ ਲਈ ਕੋਈ ਬਹਾਨਾ ਬਣਾ ਦੇਂਦੇ ਸੀ। ਬਹੁਤ ਪੁਰਾਣੀ ਗੱਲ ਹੈ, (ਪੰਜਾਬੀ ਸਿੰਗਰ) ਸਰਦੂਲ ਸਿਕੰਦਰ ਜੀ ਨੂੰ ਇੱਕ ਪੁੱਤਰ ਦੀ ਬਹੁਤ ਸਮੇਂ ਤੋਂ ਉਡੀਕ ਸੀ। ਇੱਕ ਵਾਰ ਉਹ ਅਮਰੀਕਾ ਤੋਂ ਬਾਬਾ ਮੁਰਾਦ ਸ਼ਾਹ ਜੀ ਦੀ ਫੋਟੋ ਛਪਾ ਕੇ ਦੋ ਕੱਪ ਲੈਕੇ ਆਏ, ਜੋ ਪਹਿਲਾਂ ਭਾਰਤ ਵਿੱਚ ਨਹੀਂ ਬਣਦੇ ਸੀ। ਇੱਕ ਕੱਪ ਉਨ੍ਹਾਂ ਸਾਈਂ ਜੀ ਨੂੰ ਦਿੱਤਾ ਤੇ ਇੱਕ ਆਪ ਰੱਖ ਲਿਆ। ਸਾਈਂ ਜੀ ਨੇ ਇੱਕ ਦਿਨ ਸਰਦੂਲ ਜੀ ਨੂੰ ਫੋਨ ਕੀਤਾ, ਕਹਿੰਦੇ “ਸਰਦੂਲ, ਯਾਰ ਉਹ ਕੱਪ ਤਾਂ ਕੋਈ ਚੱਕ ਕੇ ਹੀ ਲੈ ਗਿਆ, ਜਿਹੜਾ ਕੱਪ ਤੇਰੇ ਕੋਲ ਹੈ ਉਹ ਦੇ ਜਾਵੀਂ, ਸਰਦੂਲ ਜੀ ਕਹਿੰਦੇ " ਸਾਈਂ ਜੀ ਪਤਾ ਨਹੀਂ ਕਦ ਦੁਬਾਰਾ ਅਮਰੀਕਾ ਜਾ ਹੋਣਾ, ਪਤਾ ਨੀ ਕਦੋਂ ਕੱਪ ਹੋਰ ਲਿਆ ਹੋਣਾ। ਸਾਈਂ ਜੀ ਕਹਿੰਦੇ “ਅਸੀਂ ਕਿਹੜਾ ਮੁਫ਼ਤ ਮੰਗਦੇ ਹਾਂ, ਕੱਪ ਦੇ ਜਾਵੀਂ ਤੇ ਮੁੰਡਾ ਲੈ ਜਾਵੀਂ ”। ਸਰਦੂਲ ਜੀ ਅਕਸਰ ਮਜ਼ਾਕ ਵਿੱਚ ਆਪਣੇ ਮੁੰਡੇ ਵੱਲ ਇਸ਼ਾਰਾ ਕਰਕੇ ਦੱਸਦੇ ਨੇ, ਕਿ ਇਹ ਕੱਪ ਦੇ ਬਦਲੇ ਮਿਲਿਆ ਹੋਇਆ ਹੈ ਕੱਪ ਵਰਗਾ ਮੁੰਡਾ।

ਹਰ ਇਨਸਾਨ ਦੀ ਤਕਦੀਰ ਮਾਲਕ ਨੇ ਪਹਿਲਾਂ ਹੀ ਲਿਖੀ ਹੋਈ ਹੈ, ਜਿਸ ਵਿੱਚ ਪੁਰਾਣੇ ਜਨਮਾਂ ਦਾ ਤੱਪ ਵੀ ਮਿਲਿਆ ਹੁੰਦਾ ਹੈ। ਫ਼ਕੀਰੀ ਤਾਂ ਸਾਈਂ ਜੀ ਦੀ ਪਿੱਛਲੇ ਕਈ ਜਨਮਾਂ ਤੋਂ ਚੱਲਦੀ ਆ ਰਹੀ ਸੀ। ਗੁਰਦਾਸ ਜੀ ਦੇ ਜੁੜਨ ਦਾ ਵੀ ਸਾਈਂ ਜੀ ਨੂੰ ਪਹਿਲਾਂ ਹੀ ਪਤਾ ਸੀ। ਗੁਰਦਾਸ ਜੀ ਬੱਚਪਨ ਤੋਂ ਹੀ ਰੱਬ ਵਿੱਚ ਬਹੁਤ ਯਕੀਨ ਰੱਖਣ ਵਾਲੇ ਤੇ ਰੱਬ ਨੂੰ ਮੰਨਣ ਵਾਲੇ ਇਨਸਾਨ ਸੀ, ਤੇ ਬਿਨਾ ਪਾਠ ਕੀਤੇ ਰੋਟੀ ਨਹੀਂ ਖਾਂਦੇ ਸੀ। ਜਦੋਂ ਸਕੂਲ ਵਿੱਚ ਗਏ ਤਾਂ ਉਦੋਂ ਵੀ ਉਨ੍ਹਾਂ ਨੂੰ ਸੰਗੀਤ ਦਾ ਬਹੁਤ ਸ਼ੌਂਕ ਸੀ ਤੇ ਟੇਬਲ ਦੇ ਉੱਪਰ ਹੀ ਕੁੱਛ ਨਾ ਕੁੱਛ ਬਜਾਉਂਦੇ। ਕਾਲਜ ਵਿੱਚ ਉਨ੍ਹਾਂ ਨੇ ਡਫਲੀ ਖਰੀਦੀ, ਫੇਰ ਉਸ ਨਾਲ ਜਿਹੜੇ ਗੀਤ ਉਨ੍ਹਾਂ ਕਾਲਜ ਵੇਲੇ ਲਿਖੇ ਸੀ ਉਹ ਗਾਉਂਦੇ ਰਹਿੰਦੇ ਜਿਵੇਂ, "ਸੱਜਣਾ ਵੇ ਸੱਜਣਾ " ਤੇ "ਪੀੜ ਤੇਰੇ ਜਾਣ ਦੀ"। ਗੁਰਦਾਸ ਜੀ ਦੀ ਜਿੰਦਗੀ ਦਾ ਇੱਕ ਸੁਨੰਣ ਵਾਲਾ ਕਿੱਸਾ ਹੈ, ਇੱਕ ਵਾਰ ਉਨ੍ਹਾਂ ਦੇ ਕਾਲਜ ਦਾ ਇੱਕ ਟਰਿੱਪ ਪਿੰਜੋਰ ਗਿਆ ਜਿੱਥੇ ਜਾ ਕੇ ਸਬ ਨੇ ਉਨ੍ਹਾਂ ਨੂੰ ਗਾਉਣ ਦੀ ਫ਼ਰਮਾਇਸ਼ ਕੀਤੀ , ਉਨ੍ਹਾਂ ਆਪਣੀ ਡਫਲੀ ਚੁੱਕੀ ਤੇ ਗਾਉਣਾ ਸ਼ੁਰੂ ਕਰ ਦਿੱਤਾ, ਉੱਥੇ ਦਿੱਲੀ ਤੋਂ ਇੱਕ ਬਰਾਤ ਦੀ ਬੱਸ ਵੀ ਆਈ ਹੋਈ ਸੀ। ਉਹ ਵੀ ਉਨ੍ਹਾਂ ਨੂੰ ਸੁਨਣ ਲੱਗ ਪਾਏ ਤੇ ਸੱਬ ਨੇ ਉਨ੍ਹਾਂ ਨੂੰ ਕੁੱਛ ਨਾ ਕੁੱਛ ਪੈਸੇ ਦਿੱਤੇ ਤੇ ਉਨ੍ਹਾਂ ਦੀਆਂ ਜੇਬਾਂ ਭਰ ਦਿੱਤੀਆਂ। ਫੇਰ ਸਾਰੇ ਅੱਗੇ ਨੂੰ ਤੁਰ ਪਏ। ਗੁਰਦਾਸ ਜੀ ਕੱਲੇ ਬੈਠ ਗਏ ਤੇ ਆਪਣਾ ਸਮਾਨ ਤੇ ਡਫਲੀ ਬੈਗ ਵਿੱਚ ਪਾਉਣ ਲੱਗੇ, ਤਾਂ ਇੱਕ ਫ਼ਕੀਰ ਨੇ ਆਵਾਜ਼ ਮਾਰੀ ਤੇ ਗਾ ਕੇ ਬੋਲਿਆ "ਕਿਉਂ ਦੂਰ ਦੂਰ ਰਹਿੰਦੇ ਹੋ ਹਜ਼ੂਰ ਮੇਰੇ ਕੋਲੋਂ, ਦੱਸ ਹੋਇਆ ਕੀ ਕਸੂਰ ਮੇਰੇ ਕੋਲੋਂ "। ਗੁਰਦਾਸ ਜੀ ਉੱਥੇ ਹੀ ਖੜ ਗਏ। ਉਸਦੇ ਕੋਲ ਗਏ ਤੇ ਜੋ ਵੀ ਉਨ੍ਹਾਂ ਦੀ ਜੇਬ ਵਿੱਚ ਸੀ, ਉਨ੍ਹਾਂ ਦੇ ਚਰਨਾਂ ਵਿੱਚ ਢੇਰੀ ਕਰਤਾ, ਫ਼ਕੀਰ ਨੂੰ ਉਨ੍ਹਾਂ ਦੇ ਅੰਦਰ ਦੀ ਸੁੱਚਮਤਾ ਦਾ ਇਹਸਾਸ ਹੋਇਆ, ਤੇ ਬੋਲਿਆ “ਦਿਲ ਕੇ ਬਾਜ਼ਾਰ ਮੈਂ ਦੌਲਤ ਨਹੀਂ ਦੇਖੀ ਜਾਤੀ, ਪਿਆਰ ਹੋ ਜਾਏ ਤੋ ਸੂਰਤ ਨਹੀਂ ਦੇਖੀ ਜਾਤੀ, ਇੱਕ ਤਬਸੱਮ ਪੇ ਨਿਛਾਵਰ ਕਰੂੰ ਦੋਨੋ ਜਹਾਨ, ਮਾਲ ਅੱਛਾ ਹੋ ਤੋ ਕੀਮਤ ਨਹੀਂ ਦੇਖੀ ਜਾਤੀ”। ਫੇਰ ਬੋਲਿਆ “ਚੱਕ ਕੇ ਜੇਬ ਵਿੱਚ ਪਾਲੇ, ਜਾ ਤੈਨੂੰ ਰਹਿਮਤਾਂ ਦਿੱਤੀਆਂ, ਜਾ ਤੈਨੂੰ ਬਰਕਤਾਂ ਦਿੱਤੀਆਂ।”ਸੋ ਉਨ੍ਹਾਂ ਪੀਰਾਂ ਫ਼ਕੀਰਾਂ ਦਾ ਅਸ਼ੀਰਵਾਦ ਹੀ ਸੀ ਕਿ ਉਨ੍ਹਾਂ ਨੂੰ ਰੱਬ ਵਰਗਾ ਮੁਰਸ਼ਦ ਮਿਲਿਆ, ਫ਼ਕੀਰੀ ਮਿਲੀ, ਨਾਮ ਮਿਲਿਆ ਤੇ ਸ਼ੋਹਰਤ ਮਿਲੀ ।

“ਤੇਰੇ ਘਰ ਕਾ ਪਤਾ ਖੋਜਨੇ ਵਾਲੇ ਖੁਦ ਲਾਪਤਾ ਹੋਗਏ ਦੇਖਤੇ ਦੇਖਤੇ, ਕਲ ਜਿਨਕੇ ਮੁਕੱਦਰ ਮੇਂ ਕੁੱਛ ਵੀ ਨਾ ਥਾ ਬਾਦਸ਼ਾਹ ਹੋ ਗਏ ਦੇਖਤੇ ਦੇਖਤੇ“

ਕੋਈ ਵਿਰਲਾ ਹੀ ਲੱਖਾਂ ਚੋਂ ਇੱਕ ਪੱਕਾ ਮੁਰੀਦ ਬਣਦਾ ਗੁਰੂ ਦਾ, ਜਿਸ ਤਰ੍ਹਾਂ ਗੁਰਦਾਸ ਮਾਨ ਜੀ ਨੇ ਬਣ ਕੇ ਦਿਖਾਇਆ ਤੇ ਨਿਭਾਇਆ ਵੀ. ਇੱਕ ਵਾਰ ਦੀ ਗੱਲ ਹੈ, ਗੁਰਦਾਸ ਜੀ ਸਾਂਈ ਜੀ ਕੋਲ ਬੈਠੇ ਸੀ, ਉਸ ਵੇਲੇ ਉਨ੍ਹਾਂ ਦਾ ਬੂਟ ਪੋਲਿਸ਼ਾਂ ਵਾਲਾ ਗਾਣਾ ਬਹੁਤ ਮਸ਼ਹੂਰ ਹੋਇਆ ਸੀ, ਸਾਂਈ ਜੀ ਕਹਿੰਦੇ “ਕੀ ਗੱਲ ਵਈ ਗੁਰਦਾਸ ਸਾਰਾ ਦਿਨ ਬੂਟ ਪੋਲਿਸ਼ਾਂ ਹੀ ਚੱਲਦੀ ਰਹਿੰਦੀ TV ਤੇ” ਗੁਰਦਾਸ ਜੀ ਕਹਿੰਦੇ ਤੁਹਾਡੀ ਕ੍ਰਿਪਾ ਹੈ. ਸਾਂਈ ਜੀ ਕਹਿੰਦੇ “ਨਹੀਂ ਗੁਰੂ ਰਵਿਦਾਸ ਜੀ ਨੇ ਤੇਰੇ ਤੇ ਬਹੁਤ ਮਿਹਰ ਕੀਤੀ ਹੈ”. ਸਾਂਈ ਜੀ ਨੇ ਕਿਹਾ ਯਾਦ ਹੈ ਓਹ ਮੁੰਡਾ ਜਿਸ ਨਾਲ ਤੂੰ ਫੋਟੋ ਖਿਚਾ ਕੇ ਆਈਆਂ, ਇੱਕ ਵਾਰ ਮੁੱਲਾਂਪੁਰ ਵਿੱਚ ਗੁਰਦਾਸ ਮਾਨ ਜੀ ਦਾ ਪ੍ਰੋਗ੍ਰਾਮ ਹੋਇਆ ਸੀ ਜਿਸ ਵਿੱਚ ਪ੍ਰੋਗ੍ਰਾਮ ਤੋਂ ਬਾਅਦ ਬਹੁਤ ਲੋਗ ਫੋਟੋ ਖਿਚਵਾ ਰਹੇ ਸੀ ਗੁਰਦਾਸ ਜੀ ਦੇ ਨਾਲ, ਇੱਕ ਬੂਟ ਪੋਲਿਸ਼ਾਂ ਵਾਲਾ ਮੁੰਡਾ ਜਿਸਦੇ ਕੱਪੜੇ ਫਟੇ ਹੋਏ ਸੀ, ਓਹ ਵੀ ਫੋਟੋ ਖਿਚਵਾਨਾ ਚਾਹ ਰਿਹਾ ਸੀ, ਪਰ ਉਸਨੂੰ ਅੱਗੇ ਆਉਣ ਨਹੀਂ ਦੇ ਰਹੇ ਸੀ, ਗੁਰਦਾਸ ਜੀ ਦੀ ਨਜ਼ਰ ਉਸਤੇ ਪਈ ਤੇ ਉਨ੍ਹਾਂ ਸੇਵਾਦਾਰਾਂ ਨੂੰ ਕਿਹਾ ਕਿ ਉਸਨੂੰ ਆਉਣ ਦਵੋ, ਅੱਗੇ ਰੱਸੀਆਂ ਲੱਗੀਆਂ ਹੋਈਆਂ ਸੀ, ਗੁਰਦਾਸ ਜੀ ਨੇ ਕਿਹਾ ਖੋਲਦੇ ਰਸ੍ਸੀਆਂ ਤੇ ਆਜਾ ਸਟੇਜ ਤੇ. ਮੁੰਡਾ ਸਟੇਜ ਤੇ ਆਇਆ ਉਸਨੇ ਆਪਣੀ ਬੂਟ ਪੋਲਿਸ਼ਾਂ ਵਾਲੀ ਪੇਟੀ ਥੱਲੇ ਰੱਖੀ, ਤਾਂ ਗੁਰਦਾਸ ਜੀ ਕਹਿੰਦੇ ਨਾ ਥੱਲੇ ਨਾ ਰੱਖ, ਜਿਸ ਤਰ੍ਹਾਂ ਮੈਂ ਆਪਣੀ ਡਫਲੀ ਸੀਨੇ ਨਾਲ ਲਾਕੇ ਰੱਖੀ ਹੈ ਇਸੀ ਤਰ੍ਹਾਂ ਰੱਖਿਆ ਕਰ, ਰੋਟੀ ਰੋਜ਼ੀ ਹੈ, ਕਹਿੰਦੇ ਨਾ ਜਾਨੇ ਕਿਸ ਭੇਸ ਮੇਂ ਨਾਰਾਯਨ ਮਿਲ ਜਾਏ. ਉਸ ਬੱਚੇ ਨੇ ਫੋਟੋ ਖਿਚਵਾਈ ਤਾਂ ਗੁਰਦਾਸ ਜੀ ਨੇ ਜੱਸੀ ਨੂੰ ਕਿਹਾ ਕੀ ਫੋਟੋਗ੍ਰਾਫਰ ਨੂੰ ਪੈਸੇ ਦੇ ਦਵੀਂ ਤਾਂ ਜੋ ਇਸ ਨੂੰ ਫੋਟੋ ਮਿਲ ਜਾਵੇ. ਓਹ ਬੱਚਾ ਬਹੁਤ ਖੁਸ਼ ਹੋਇਆ, ਸਾਂਈ ਜੀ ਕਹਿੰਦੇ ਜਿਸ ਬੱਚੇ ਨਾਲ ਤੂੰ ਫੋਟੋ ਖਿਚਵਾਕੇ ਆਇਆ ਹੈਂ, ਓਹ ਬੱਚਾ ਗੁਰੂ ਰਵਿਦਾਸ ਜੀ ਦਾ ਹੈ, ਤੇ ਉਨ੍ਹਾਂ ਨੇ ਤੇਰੇ ਤੇ ਆਸ਼ੀਰਵਾਦ ਦਿੱਤਾ ਹੈ.

“ਸਾਰੇ ਕਹਿੰਦੇ ਤੇਰਾ ਤੇਰਾ, ਮੈਂ ਵੀ ਆਖਾਂ ਤੇਰਾ | ਲਾਡੀ ਸ਼ਾਹ ਤੇਰਾ ਕੁੱਝ ਨਹੀਂ ਜਾਣਾ, ਜੇ ਆਖ ਦੇਵੇਂ ਤੂੰ ਮੇਰਾ”

ਸਾਂਈ ਜੀ ਦੀ ਹਰ ਗੱਲ ਦੇ ਵਿੱਚ ਇੱਕ ਰਮਜ਼ ਹੁੰਦੀ ਸੀ. ਇੱਕ ਵਾਰ ਕੇਸਰੀ ਪੱਗ ਬੰਨਕੇ ਇੱਕ ਸਰਦਾਰ ਡੇਰੇ ਆਇਆ ਤੇ ਮੱਥਾ ਟੇਕਣ ਲੱਗਿਆ, ਤਾਂ ਸਾਂਈ ਜੀ ਨੇ ਕਿਹਾ “ਨਾ ਮੱਥਾ ਨੀ ਟੇਕਣਾ”, ਉਸਨੇ ਕਿਹਾ ਪਰ ਸਾਂਈ ਜੀ ਮੈਂ ਤਾਂ ਪੂਰੀ ਸ਼ਰਦਾ ਦੇ ਨਾਲ ਆਈਆਂ, ਸਾਂਈ ਜੀ ਨੇ ਕਿਹਾ ਇਹ ਕੇਸਰੀ ਨਿਸ਼ਾਨ ਸਾਡੇ ਦਾਤਾ ਦਾ ਹੈ, ਗੁਰੂ ਗੋਬਿੰਦ ਸਿੰਘ ਜੀ ਮਾਹਰਾਜ ਦਾ, ਜਿਨ੍ਹਾ ਨੇ 4 ਪੁੱਤ ਵਾਰੇ, ਪੰਜਵੀਂ ਮਾਂ ਵਾਰੀ, ਛੇਵਾਂ ਬਾਪ ਵਾਰਿਆ ਤੇ ਸੱਤਵਾਂ ਆਪ ਵਾਰਿਆ. ਸੋ ਇਹ ਨਿਸ਼ਾਨ ਨੂੰ ਅਸੀਂ ਝੁਕਾਉਣਾ ਨੀ, ਜੇ ਮੱਥਾ ਟੇਕਣਾ ਹੋਵੇ ਤਾਂ ਕੋਈ ਹੋਰ ਪੱਗ ਬੰਨਕੇ ਆਜੀਂ. ਸਾਂਈ ਜੀ ਇੱਕ ਏਹੋਜੇ ਫਕ਼ੀਰ ਸੀ ਜੋ ਹਰ ਕਿਸੀ ਨਾਲ ਪਿਆਰ ਕਰਦੇ ਸੀ. ਚਾਹੇ ਦਰ ਤੇ ਆਇਆ ਸਵਾਲੀ ਹੋਵੇ ਜਾਂ ਕੋਈ ਜਾਨਵਰ, ਇੱਕ ਵਾਰ ਸਾਂਈ ਜੀ ਦੇ ਸ਼ਰੀਰ ਤੇ ਇੱਕ ਕੀੜਾ ਚੜਿਆ ਜਾ ਰਿਹਾ ਸੀ, ਇੱਕ ਬੰਦਾ ਕਹਿੰਦਾ ਸਾਂਈ ਜੀ ਕੀੜਾ, ਤੇ ਕੁਛ ਵੇਖਣ ਲੱਗਾ ਉਸਨੂੰ ਮਾਰਨ ਲਈ, ਸਾਂਈ ਜੀ ਕਹਿੰਦੇ ਤੂੰ ਕੀ ਚਾਹਨਾ ਮੈਂ ਇਸਨੂੰ ਮਾਰਦਾਂ, ਇਹ ਵੀ ਉਸਦਾ ਜੀਵ ਹੈ, ਜਿਸਦੀ ਜਾਨ ਲੈਣ ਦਾ ਹੱਕ ਸਾਨੂੰ ਨਹੀਂ ਹੈ.


“ਜ਼ਾਤ ਪਾਤ ਨਾ ਮਜ਼ਹਬ ਦੀ, ਸਾਨੂ ਨਿੰਦ ਵਿਚਾਰ | ਅਸੀਂ ਉਸਨੂੰ ਮੱਥਾ ਟੇਕੀਏ, ਜਿਹੜਾ ਸਬਨੂੰ ਕਰੇ ਪਿਆਰ”