MENU

Dera Baba Murad

  ਜੈ ਬਾਬਾ ਸ਼ੇਰੇ ਸ਼ਾਹ ਜੀ | ਜੈ ਬਾਬਾ ਮੁਰਾਦ ਸ਼ਾਹ ਜੀ | ਜੈ ਬਾਬਾ ਲਾਡੀ ਸ਼ਾਹ ਜੀ

 

ਫੇਰ ਬਾਪੂ ਜੀ ਨੇ ਸਾਂਈ ਜੀ ਨੂੰ ਆਪਣਾ ਮੁਰੀਦ ਬਣਾ ਲਿਆ ਤੇ ਆਪਣੇ ਕੋਲ ਹੀ ਰੱਖ ਲਿਆ, ਰੋਜ਼ ਇਮਤਿਹਾਨ ਲਏ ਤੇ ਪੱਕਾ ਕਰਦੇ ਗਏ. ਬਾਪੂ ਜੀ ਕੋਲ ਇੱਕ ਹੋਰ ਬੱਚਾ ਵੀ ਰਹਿੰਦਾ ਸੀ ਜਿਸਦਾ ਨਾਮ ਸੀ ਮੋਹਨ, ਜੋ ਉਨ੍ਹਾਂ ਦਾ ਰਿਸ਼ਤੇਦਾਰ ਸੀ. ਮੋਹਨ ਵੀ ਉਨ੍ਹਾਂ ਦਾ ਮੁਰੀਦ ਬਣਨਾ ਚਾਹੁੰਦਾ ਸੀ ਤੇ ਉਨ੍ਹਾਂ ਪੀੜ੍ਹੀ ਵਿੱਚ ਅੱਗੇ ਚੱਲਣਾ ਚਾਹੁੰਦਾ ਸੀ. ਪਰ ਚੱਲਦਾ ਓਹੀ ਹੈ ਜਿਸਨੂੰ ਗੁਰੂ ਆਪ ਚੁਣੇ, ਤੇ ਜਿਸਦਾ ਗੁਰੂ ਲਈ ਪੂਰਾ ਸਮਰਪਣ ਹੋਵੇ. ਬਾਪੂ ਜੀ ਰੋਜ਼ ਆਪਣੇ ਸ਼ਰੀਰ ਤੇ ਦਵਾਈ ਲਗਾਉਂਦੇ ਸੀ ਕਿਓਂਕਿ ਇੱਕ ਵਾਰ ਬਾਪੂ ਜੀ ਨੇ ਅਪਣੇ ਆਪ ਨੂੰ ਅੱਗ ਲਗਾ ਲਈ ਸੀ, ਜਦੋਂ ਉਨ੍ਹਾਂ ਨੂੰ ਵਿਆਹ ਲਈ ਜੋਰ ਲਗਾਇਆ ਗਿਆ ਸੀ. ਬਾਪੂ ਜੀ ਅਕਸਰ ਆਵਾਜ਼ ਮਾਰਕੇ ਮੋਹਨ ਨੂੰ ਤੇ ਸਾਂਈ ਜੀ ਨੂੰ ਬੁਲਾਉਂਦੇ, ਪਹਿਲਾਂ ਮੋਹਨ ਨੂੰ ਪੁੱਛਦੇ " ਤੂੰ ਕੌਣ ਹੈਂ " ਮੋਹਨ ਨੇ ਕਹਿਣਾ ਮੈਂ ਤੁਹਾਡਾ ਬੱਚਾ, ਉਸ ਵਿੱਚ ਰਿਸ਼ਤੇਦਾਰੀ ਦਾ ਘਮੰਡ ਸੀ, ਬਾਪੂ ਜੀ ਕਹਿੰਦੇ ਫਿਰ ਇਹ ਦਵਾਈ ਜੋ ਹੱਥ ਤੇ ਲੱਗੀ ਹੈ ਇਸਨੂੰ ਚੱਟ ਕੇ ਦਿਖਾ, ਮੋਹਨ ਡਰ ਜਾਂਦਾ ਤੇ ਮਨ੍ਹਾ ਕਰ ਦਿੰਦਾ, ਬਾਪੂ ਜੀ ਫੇਰ ਸਾਂਈ ਜੀ ਨੂੰ ਪੁੱਛਦੇ "ਲਾਡੀ ਤੂੰ ਕੌਣ ਹੈਂ?" ਸਾਂਈ ਜੀ ਕਹਿੰਦੇ “ਤੁਹਾਡੇ ਦਰ ਦਾ ਦਰਵੇਸ਼”, ਬਾਪੂ ਜੀ ਕਹਿੰਦੇ ਫੇਰ ਇਹ ਦਵਾਈ ਚੱਟ, ਸਾਂਈ ਜੀ ਚੱਟਣ ਲਗ ਜਾਂਦੇ. ਸਾਂਈ ਜੀ ਨੇ ਚੱਟਣੀ ਤਾਂ ਉਨ੍ਹਾਂ ਨੂੰ ਇੱਦਾਂ ਲੱਗਣਾ ਜਿਵੇਂ ਆਈਸ ਕ੍ਰੀਮ ਖਾ ਰਹੇ ਨੇ.

“ਜੋ ਅਸਰ ਹੈ ਅੱਖ ਦੀ ਮਾਰ ਅੰਦਰ, ਉਹ ਨਾ ਤੀਰ ਤੇ ਨਾ ਤਲਵਾਰ ਅੰਦਰ, ਓਹਨਾ ਰੱਬ ਨੂੰ ਪਾਕੇ ਕੀ ਲੈਣਾ, ਜਿਨ੍ਹਾਂ ਰੱਬ ਨੂੰ ਮੰਨ ਲਿਆ ਯਾਰ ਅੰਦਰ”

ਅਕਸਰ ਜਦੋਂ ਵੀ ਸਾਂਈ ਜੀ ਬਾਪੂ ਜੀ ਦੇ ਡੇਰੇ ਤੋਂ ਬਾਹਰ ਜਾਂਦੇ ਤਾਂ ਉਨ੍ਹਾਂ ਦੀ ਆਗਿਆ ਲੈਕੇ ਜਾਂਦੇ ਤੇ ਜਦੋਂ ਵਾਪਿਸ ਆਉਣਾ ਤਾਂ ਬਾਹਰ ਆਕੇ ਇੱਕ ਵਾਰ ਆਵਾਜ਼ ਦੇਣੀ "ਬਾਪੂ ਮੈਂ ਆਗਿਆ". ਜਦੋਂ ਤਕ ਬਾਪੂ ਜੀ ਨੇ "ਆਜਾ ਅੰਦਰ" ਨਹੀਂ ਕਹਿਣਾ ਉਦੋਂ ਤਕ ਸਾਂਈ ਜੀ ਡੇਰੇ ਦੇ ਬਾਹਰ ਹੀ ਖੜੇ ਰਹਿੰਦੇ ਫੇਰ ਚਾਹੇ ਰਾਤ ਹੋਜਾਵੇ ਯਾ ਸਵੇਰਾ. ਕਦੀ ਕਦੀ ਗਰਮੀ ਦੇ ਦਿਨਾਂ ਵਿੱਚ ਬਾਪੂ ਜੀ ਲੱਕੜੀ ਦੀ ਪੌੜ੍ਹੀ ਛੱਤ ਨਾਲ ਲਗਾ ਲੇਂਦੇ ਤੇ ਨਿੱਚੇ ਰੇਤਾ ਬਿਛਵਾ ਦਿੰਦੇ, ਰੇਤਾ ਗਰਮੀ ਨਾਲ ਭਖਿਆ ਹੁੰਦਾ ਸੀ. ਫੇਰ ਉਨ੍ਹਾਂ ਪਹਿਲਾਂ ਮੋਹਨ ਨੂੰ ਆਵਾਜ਼ ਮਾਰਨੀ ਤੇ ਪੁੱਛਣਾ "ਮੋਹਨ ਤੂੰ ਕੌਣ ਹੈਂ?" ਮੋਹਨ ਨੇ ਕਹਿਣਾ ਤੁਹਾਡਾ ਬੱਚਾ. ਬਾਪੂ ਜੀ ਨੇ ਕਹਿਣਾ ਫੇਰ ਪੌੜੀ ਚੜ, ਪਰ ਪੁੱਠੀ ਚੜਨੀ. ਮੋਹਨ ਕਹਿੰਦਾ ਬਾਪੂ ਜੀ ਮੈਂ ਗਿਰ ਜਾਵਾਂਗਾ ਤੇ ਮਨਾ ਕਰ ਦਿੰਦਾ. ਫਿਰ ਬਾਪੂ ਜੀ ਨੇ ਸਾਂਈ ਜੀ ਨੂੰ ਪੁੱਛਣਾ "ਲਾਡੀ ਤੂੰ ਕੌਣ ਹੈਂ?" ਸਾਂਈ ਜੀ ਨੇ ਕਹਿਣਾ ਤੁਹਾਡੇ ਦਰ ਦਾ ਦਰਵੇਸ਼, ਬਾਪੂ ਜੀ ਨੇ ਕਹਿਣਾ ਪੌੜੀ ਚੜ ਫਿਰ, ਪਰ ਪੁੱਠੀ ਚੜਨੀ. ਸਾਂਈ ਜੀ ਨੇ ਪਹਿਲਾਂ ਆਪਣੇ ਗੁਰੂ (ਬਾਪੂ ਜੀ) ਨੂੰ ਮੱਥਾ ਟੇਕਣਾ ਫੇਰ ਪਿਛਲੇ ਪਾਸੋਂ ਲੱਤਾਂ ਫਸਾ ਫਸਾ ਕੇ ਚੜ੍ਹਨ ਲਗ ਜਾਂਦੇ, ਜਦੋਂ ਉੱਪਰ ਤਕ ਪਹੁੰਚ ਜਾਂਦੇ ਤਾਂ ਬਾਪੂ ਜੀ ਲੱਤ ਮਾਰਦੇ ਤੇ ਸਾਂਈ ਜੀ ਰੇਤੇ ਤੇ ਗਿਰ ਜਾਂਦੇ. ਸਾਂਈ ਜੀ ੳੱਠਣ ਲੱਗਦੇ ਤਾਂ ਬਾਪੂ ਜੀ ਕਹਿੰਦੇ ਪਿਆ ਰਹਿ. ਤਪਦੀ ਧੁੱਪ ਵਿੱਚ ਪਏ ਰਹਿੰਦੇ ਗੁਰੂ ਦਾ ਆਦੇਸ਼ ਸਮਝਕੇ. ਲੋਕਾਂ ਨੂੰ ਜ਼ੁਲਮ ਲਗਦਾ ਸੀ, ਪਰ ਸਾਂਈ ਜੀ ਨੂੰ ਇੱਦਾਂ ਲੱਗਣਾ ਜਿਵੇਂ ਠੰਡੇ ਘਾ ਤੇ ਪਏ ਨੇ.

ਸਸਾਂਈ ਜੀ ਇੱਕ ਵੱਡੇ ਜੈਲਦਾਰਾਂ ਦੇ ਪਰਿਵਾਰ ਤੋਂ ਸੀ, ਤੇ ਇੱਕ ਵਾਰ ਗੁਰੂਰ ਵਿੱਚ ਓਹ ਕਿਸੇ ਨੂੰ ਇਹ ਕਿਹ ਬੈਠੇ, ਤਾਂ ਬਾਪੂ ਜੀ ਨੇ ਚੌਂਕ ਵਿੱਚ ਕੱਚ ਦੀ ਬੋਤਲ ਪੱਥਰ ਉੱਤੇ ਮਾਰੀ ਸ਼ੀਸ਼ਾ ਬਿਖਰ ਗਿਆ, ਤੇ ਬਾਪੂ ਜੀ ਕਹਿੰਦੇ ਚੱਲ ਵੀ ਲਾਡੀ ਅੱਜ ਤੇਰਾ ਨਾਚ ਦੇਖੀਏ, ਲੋਕਾਂ ਨੇ ਬਾਪੂ ਜੀ ਨੂੰ ਬੇਨਤੀ ਕੀਤੀ ਮਾਫ਼ੀ ਦੇਣ ਲਈ, ਪਰ ਉਨ੍ਹਾਂ ਕਿਹਾ ਇਸ ਵਿੱਚੋਂ ਜੈਲਦਾਰੀ ਦੀ ਬੂ ਕੱਢ ਰਿਹਾਂ. ਸਾਈਂ ਜੀ ਨੇ ਆਪਣੇ ਗੁਰੂ ਦਾ ਹੁਕਮ ਮੰਨਿਆ ਤੇ ਨੱਚਦੇ ਰਹੇ. ਨਾਚ ਨਚਾਉਣ ਵਾਲਾ ਵੀ ਕੈਸਾ ਹੋਵੇਗਾ ਤੇ ਨੱਚਣ ਵਾਲਾ ਵੀ ਕੈਸਾ ਹੋਵੇਗਾ.

“ਜੇ ਸੋਹਣਾ ਮੇਰੇ ਦੁੱਖ ਵਿੱਚ ਰਾਜ਼ੀ ਤਾਂ ਸੁੱਖ ਨੂੰ ਚੁੱਲ੍ਹੇ ਪਾਵਾਂ, ਜੇ ਸੋਹਣਾ ਮੇਰੀ ਮੰਗ ਲਵੇ ਜ਼ਿੰਦੜੀ ਤਾਂ ਮੈਂ ਲੱਖ ਲੱਖ ਸ਼ੁਕਰ ਮਨਾਵਾਂ”

ਫਕ਼ੀਰੀ ਬਹੁਤ ਔਖੀ ਹੈ. ਕੋਈ ਲੱਖ਼ਾਂ ਵਿਚੋਂ ਇੱਕ ਹੀ ਗੁਰੂ ਦੇ ਰਸਤੇ ਤੇ ਪੂਰੀ ਇਮਾਨਤ ਨਾਲ ਚੱਲ ਸਕਦਾ ਹੈ, ਤੇ ਜੋ ਚੱਲ ਜਾਂਦਾ ਓਹ ਸਬ ਪਾ ਜਾਂਦਾ ਹੈ. ਇੱਦਾਂ ਹੀ ਸਮਾਂ ਲੰਗਦਾ ਰਿਹਾ ਇੱਕ ਵਾਰ ਸਾਂਈ ਜੀ ਦੀ ਨਜ਼ਰ ਥੋੜੀ ਕਮਜ਼ੋਰ ਹੋ ਗਈ, ਤੇ ਇੱਕ ਡਾਕਟਰ ਉਨ੍ਹਾਂ ਦਾ ਚਸ਼ਮਾ ਬਣਾਉਣ ਆਗਿਆ, ਬਾਪੂ ਜੀ ਡਾਕਟਰ ਨੂੰ ਕਹਿੰਦੇ “ਮਸ਼ੀਨਾਂ ਬਾਹਰ ਲੈਜਾ, ਇਹ ਅੱਖ ਯਾਰ ਦੀ ਹੈ, ਉਸਦੀ ਮਰਜ਼ੀ ਹੈ ਇਸਨੂੰ ਦੇਖਣ ਦੇਵੇ, ਉਸਦੀ ਮਰਜ਼ੀ ਹੈ ਇਸਨੂੰ ਅੰਦਰੋਂ ਦੇਖਣ ਦੇਵੇ”. ਸਾਈਂ ਜੀ ਨੇ ਐਸੀ ਨਿਭਾਈ ਆਪਣੇ ਮੁਰਸ਼ਦ ਨਾਲ, ਸ਼ਾਇਦ ਹੀ ਅੱਜ ਦੇ ਜ਼ਮਾਨੇ ਵਿੱਚ ਕੋਈ ਐਸਾ ਮੁਰੀਦ ਹੋਵੇਗਾ ਜੋ ਐਸੀ ਨਿਭਾ ਸਕੇ। ਇੱਕ ਵਾਰ ਸਰਦੀਆਂ ਦੀ ਗੱਲ ਹੈ, ਸਵੇਰੇ 5 ਵਜੇ ਬਾਪੂ ਜੀ ਨੇ ਸਾਈਂ ਜੀ ਨੂੰ ਪੁੱਛਿਆ, ਇੱਥੇ ਕਿਤੇ ਗੰਨ੍ਹੇ ਵੀ ਹੁੰਦੇ ਨੇ, ਅੱਜ ਗੰਨਾ ਖਾਣ ਦਾ ਜੀ ਹੈ। ਸਾਈਂ ਜੀ ਨੇ ਸਿਰਫ ਇੱਕ ਪਤਲਾ ਚੋਲਾ ਪਾਇਆ ਹੋਇਆ ਸੀ, ਸਾਈਂ ਜੀ ਓਸੀ ਵੇਲੇ ਪੈਦਲ ਬਾਹਰ ਨਿਕਲ ਗਏ ਤੇ ਬਹੁਤ ਦੂਰ ਤਕ ਚਲੇ ਗਏ, ਅਤੇ ਕੁੱਛ ਘੰਟਿਆਂ ਬਾਅਦ ਠੰਡ ਨਾਲ ਠੱਰਦੇ ਹੋਏ ਗੰਨ੍ਹੇ ਲੈ ਕੇ ਪਹੁੰਚੇ, ਬਾਪੂ ਜੀ ਨੇ ਸਾਈਂ ਜੀ ਨੂੰ ਗਰਮ ਚਾਹ ਪਿਲਾਈ ਤੇ ਆਰਾਮ ਕਰਨ ਲਈ ਕਿਹਾ, ਫੇਰ ਕੁੱਛ ਦਿਨ ਬਾਅਦ ਬਾਪੂ ਜੀ ਨੇ 1 ਦਿਨ ਲਈ ਬਾਹਰ ਜਾਣਾ ਸੀ, ਉਹ ਦੇਖਣਾ ਚਾਹੁੰਦੇ ਸੀ ਕਿ ਜਿਸ ਤਰ੍ਹਾਂ ਸਾਈਂ ਜੀ ਉਨ੍ਹਾਂ ਦੇ ਸਾਹਮਣੇ ਹੁਕਮ ਮੰਨਦੇ ਨੇ ਤੇ ਬਿਨਾਂ ਸਾਹਮਣੇ ਹੋਏ ਵੀ ਉੰਨੀ ਹੀ ਨਿਸ਼ਠਾ ਰੱਖਦੇ ਹਨ ਕੇ ਨਹੀਂ । ਦਰਬਾਰ ਵਿੱਚ ਇੱਕ ਜਗ੍ਹਾਂ ਕੀੜਿਆਂ ਦਾ ਢੇਰ ਲੱਗਿਆ ਹੋਇਆ ਸੀ। ਬਾਪੂ ਜੀ ਨੇ ਕਿਹਾ ਲਾਡੀ ਤੂੰ ਬੈਠ ਮੈਂ ਆਉਂਦਾ, ਬਾਪੂ ਜੀ ਨੇ ਹੱਥ ਨਾਲ ਛੋਟਾ ਜਿਹਾ ਇਸ਼ਾਰਾ ਕੀਤਾ ਉਸ ਜਗਾਹ ਵੱਲ। ਸਾਈਂ ਜੀ ਉਸ ਭੂੰਡਾਂ ਦੇ ਢੇਰ ਤੇ ਹੀ ਬੈਠ ਗਏ ਅਤੇ ਪੂਰਾ ਦਿਨ ਬੈਠੇ ਰਹੇ ਜਦੋਂ ਤੱਕ ਬਾਪੂ ਜੀ ਵਾਪਿਸ ਨਹੀਂ ਆਏ। ਬਾਪੂ ਜੀ ਵਾਪਿਸ ਆਏ ਤੇ ਸਾਈਂ ਜੀ ਨੂੰ ਗਲ ਨਾਲ ਲਾ ਲਿਆ। ਕਿਹਾ ਜਾਂਦਾ ਹੈ ਕਿ ਮੁਰਸ਼ਦ ਆਪਣੇ ਮੁਰੀਦ ਨੂੰ ਸੂਈ ਦੇ ਨੱਕੇ ਵਿੱਚੋ ਲੰਗਉਂਦਾ ਹੈ, ਤਾਂ ਜਾ ਕੇ ਮੁਰੀਦ ਰੱਬ ਦੇ ਰੁੱਤਬੇ ਪਾਉਂਦਾ ਹੈ।


“ਮੰਜ਼ਿਲ ਫ਼ਕੀਰੀ ਦੀ ਬੜੀ ਦੂਰ ਲੋਕੋ, ਉਹ ਵੇਲਣੇ ਵਿੱਚੋਂ ਲੰਘਾ ਦਿੰਦਾ, ਇੱਕ ਵਾਰ ਨਾ ਨਿਕਲੇ ਰਤ ਪੂਰੀ, ਫਿਰ ਮਰੋੜ ਵੇਲਣੇ ਵਿੱਚ ਪਾ ਦਿੰਦਾ, ਤੀਜੀ ਵਾਰ ਜਦ ਬਣਕੇ ਟੋਕ ਡਿੱਗ ਪੈਂਦੀ, ਆਪੇ ਚੁੱਕ ਸੀਨੇ ਨਾਲ ਲਾ ਲੈਂਦਾ”