• Landline: 01821-222 786
  • Next Mela Dates are : 1 & 2 May 2024
  • Time : 00 : 00 : 00 AM
  • Day, Month 00, Year
  • Query : +91 9257-201-786

Full Biography - Punjabi

mosquee

ਜੈ ਬਾਬਾ ਮੁਰਾਦ ਸ਼ਾਹ ਜੀ | ਜੈ ਬਾਬਾ ਲਾਡੀ ਸ਼ਾਹ ਜੀ



ਨਕੋਦਰ ਸ਼ਹਿਰ ਜਿਸ ਨੂੰ ਪੀਰਾਂ ਫ਼ਕ਼ੀਰਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ. ਨ-ਕੋ-ਦਰ ਜਿਸ ਦਾ ਮਤਲਬ ਹੀ ਹੈ ਇਸ ਵਰਗਾ "ਨਾ ਕੋਈ ਦਰ", ਜਿੱਥੇ ਬ੍ਰਹਮ ਗਿਆਨੀਆਂ ਨੇ ਜਨਮ ਲਿਆ ਤੇ ਇਸ ਧਰਤੀ ਨੂੰ ਭਾਗ ਲੱਗ ਗਏ. ਆਜ਼ਾਦੀ ਤੋ ਪਹਿਲਾਂ ਦੀ ਗੱਲ ਹੈ ਇੱਕ ਫ਼ਕ਼ੀਰ ਬਾਬਾ ਸ਼ੇਰੇ ਸ਼ਾਹ ਜੀ ਪਾਕਿਸਤਾਨ ਤੋਂ ਪੰਜਾਬ ਆਏ. ਜਿਨ੍ਹਾਂ ਰਹਿਣ ਲਈ ਨਕੋਦਰ ਦੀ ਧਰਤੀ ਨੂੰ ਚੁਣਿਆ, ਜੋ ਵੀਰਾਨਿਆਂ ਤੇ ਜੰਗਲਾਂ ਵਿੱਚ ਹੀ ਰਹਿਣਾ ਪਸੰਦ ਕਰਦੇ ਸੀ. ਬਾਬਾ ਜੀ ਕਿਸੇ ਨੂੰ ਆਪਣੇ ਕੋਲ ਆਉਣ ਤੋਂ ਰੋਕਦੇ ਸੀ ਤਾਂ ਜੋ ਉਨ੍ਹਾਂ ਦੀ ਇਬਾਦਤ ਵਿੱਚ ਵਿਘਨ ਨਾ ਪਵੇ, ਤੇ ਕਦੇ ਕਦੇ ਛੋਟੇ ਪੱਥਰ ਵੀ ਮਾਰਦੇ ਤਾਂ ਜੋ ਲੋਕ ਉਨ੍ਹਾਂ ਨੂੰ ਪਾਗਲ ਸਮਝਕੇ ਉਨ੍ਹਾਂ ਕੋਲ ਨਾ ਆਉਣ. ਓਹ ਆਪਣਾ ਜਿਆਦਾ ਤਰ ਵਕ਼ਤ ਰੱਬ ਦੀ ਇਬਾਦਤ ਵਿੱਚ ਹੀ ਲਗਾਉਂਦੇ ਸੀ ਤੇ ਵਾਰਿਸ ਸ਼ਾਹ ਦੀ ਹੀਰ ਪੜ੍ਹਦੇ ਹੁੰਦੇ ਸੀ |

ਨਕੋਦਰ ਸ਼ਹਿਰ ਵਿੱਚ ਇੱਕ ਜੈਲਦਾਰਾਂ ਦਾ ਪਰਿਵਾਰ ਵੀ ਸੀ ਜੋ ਪੀਰਾਂ ਫ਼ਕ਼ੀਰਾਂ ਦੀ ਸੇਵਾ ਲਈ ਸਦਾ ਤਤਪਰ ਰਹਿੰਦੇ ਸੀ. ਇੱਕ ਵਾਰ ਉਨ੍ਹਾਂ ਦੇ ਘਰ ਇੱਕ ਫ਼ਕ਼ੀਰ ਆਏ ਜਿਨ੍ਹਾਂ ਦੀ ਉਨ੍ਹਾਂ ਨੇ ਬਹੁਤ ਸੇਵਾ ਕੀਤੀ ਤੇ ਫ਼ਕ਼ੀਰ ਨੇ ਖੁਸ਼ ਹੋਕੇ ਕਿਹਾ "ਮਾਂਗੋ ਜੋ ਮਾਂਗਨਾ ਚਾਹੋ" ਉਨ੍ਹਾਂ ਕਿਹਾ ਕਿ ਰੱਬ ਦਾ ਦਿੱਤਾ ਸਬ ਕੁੱਛ ਹੈ ਬਸ ਇੱਕ ਰੱਬ ਦਾ ਨਾਂ ਚਾਹਿਦਾ, ਫ਼ਕ਼ੀਰ ਨੇ ਕਿਹਾ "ਏਕ ਨਹੀਂ ਬਲਕੀ ਦੋ ਭਗਵਾਨ ਕਾ ਨਾਮ ਲੇਨੇ ਵਾਲੇ ਤੁਮ੍ਹਾਰੇ ਪੈਦਾ ਹੋਂਗੇ". ਉਸ ਪਰਿਵਾਰ ਵਿੱਚ ਜਲਦ ਹੀ ਇੱਕ ਬੱਚੇ ਨੇ ਜਨਮ ਲਿਆ ਜਿਸਦਾ ਨਾਮ ਵਿੱਦਿਆ ਸਾਗਰ ਰੱਖਿਆ ਗਿਆ, ਜਿਨ੍ਹਾਂ ਨੂੰ ਅੱਜ ਅਸੀਂ ਬਾਬਾ ਮੁਰਾਦ ਸ਼ਾਹ ਜੀ ਦੇ ਨਾਮ ਨਾਲ ਜਾਣਦੇ ਹਾਂ. ਬਾਬਾ ਜੀ ਹੋਣੀ ਤਿੰਨ ਭਰਾ ਸੀ, ਬਾਬਾ ਜੀ ਸਭਤੋਂ ਛੋਟੇ ਸੀ, ਬਾਬਾ ਜੀ ਪੜ੍ਹਾਈ ਲਿਖਾਈ ਵਿੱਚ ਬਹੁਤ ਹੋਸ਼ਿਆਰ ਸੀ ਤੇ ਉਸ ਜ਼ਮਾਨੇ ਵਿੱਚ ਵੀ ਬਹੁਤ ਅੱਗੇ ਤਕ ਪੜ੍ਹੇ. ਪੜ੍ਹਾਈ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੇ ਨੌਕਰੀ ਸ਼ੁਰੂ ਕਰ ਦਿੱਤੀ, ਬਾਬਾ ਜੀ ਬਿਜਲੀ ਬੋਰਡ ਦਿੱਲੀ ਦੇ ਵਿੱਚ S.D.O ਦੇ ਅਹੁਦੇ ਤੇ ਕੰਮ ਕਰਦੇ ਸੀ.

ਜਿੱਥੇ ਬਾਬਾ ਜੀ ਕੰਮ ਕਰਦੇ ਸੀ ਉੱਥੇ ਉਨ੍ਹਾਂ ਨਾਲ ਇੱਕ ਮੁਸਲਮਾਨ ਲੜਕੀ ਵੀ ਕੰਮ ਕਰਦੀ ਸੀ. ਬਾਬਾ ਮੁਰਾਦ ਸ਼ਾਹ ਜੀ ਓਸ ਨਾਲ ਰੂਹਾਨੀ ਪਿਆਰ ਕਰਦੇ ਸੀ, ਇੱਕ ਦਿਨ ਉਸ ਲੜਕੀ ਦੀ ਸ਼ਾਦੀ ਪੱਕੀ ਹੋ ਗਈ ਤੇ ਓਹ ਬਾਬਾ ਮੁਰਾਦ ਸ਼ਾਹ ਜੀ ਨੂੰ ਕਹਿੰਦੀ ਕਿ ਜੇ ਤੂੰ ਮੇਰੇ ਨਾਲ ਵਿਆਹ ਕਰਵਾਉਣਾ ਤਾਂ ਪਹਿਲਾਂ ਮੁਸਲਮਾਨ ਬਣਜਾ. ਇਹ ਸੁਣ ਕੇ ਬਾਬਾ ਜੀ ਨੇ ਘਰ ਵਾਪਿਸ ਜਾਣ ਦਾ ਫੈਸਲਾ ਕੀਤਾ. ਨੌਕਰੀ ਛੱਡਤੀ ਤੇ ਇੱਕ ਤਰ੍ਹਾਂ ਨਾਲ ਦੁਨੀਆ ਦੀ ਹਰ ਚੀਜ਼ ਨਾਲ ਮੋਹ ਟੁੱਟ ਗਿਆ. ਉਨ੍ਹਾਂ ਨੇ ਵਾਰਿਸ ਸ਼ਾਹ ਦੀ ਹੀਰ ਕਿਤਾਬ ਖਰੀਦੀ ਤੇ ਹੀਰ ਪੜ੍ਹਦੇ ਪੜ੍ਹਦੇ ਆਪਣੇ ਸ਼ਹਿਰ ਨਕੋਦਰ ਵੱਲ ਪੈਦਲ ਹੀ ਚੱਲ ਪਏ, ਅਤੇ ਰਸਤੇ ਵਿੱਚ ਜਿੰਨ੍ਹੇ ਵੀ ਧਾਰਮਿਕ ਸਥਾਨ ਆਏ ਉੱਥੇ ਮੱਥਾ ਟੇਕਦੇ ਹੋਏ ਨਕੋਦਰ ਪਹੁੰਚ ਗਏ. ਜਦੋਂ ਘਰ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਬਾਬਾ ਸ਼ੇਰੇ ਸ਼ਾਹ ਜੀ ਦੇ ਦਰਸ਼ਨ ਹੋਏ. ਸ਼ੇਰੇ ਸ਼ਾਹ ਜੀ ਨੇ ਆਵਾਜ਼ ਮਾਰੀ “ਓਹ੍ਹ ਵਿੱਦਿਆ ਸਾਗਰ ਕਿੱਥੇ ਚੱਲਾਂ?” ਬਾਬਾ ਜੀ ਨੇ ਸੋਚਿਆ ਇਹ ਕੋਈ ਰੁਹਾਨੀ ਬੰਦਾ ਲਗਦਾ, ਬਾਬਾ ਜੀ ਕੋਲ ਗਏ ਤਾਂ ਸ਼ੇਰੇ ਸ਼ਾਹ ਜੀ ਕਹਿੰਦੇ "ਕਿਓਂ ਫਿਰ ਮੁਸਲਮਾਨ ਬਣਨਾ?" ਬਾਬਾ ਜੀ ਕਹਿੰਦੇ ਹਾਂਜੀ ਬਣਨਾ. ਸ਼ੇਰੇ ਸ਼ਾਹ ਜੀ ਕਹਿੰਦੇ “ਜਾ ਫੇਰ ਇੱਕ ਵਾਰ ਆਪਣੇ ਘਰਦਿਆਂ ਨੂੰ ਮਿਲ ਆ, ਤੇ ਆਕੇ ਟੁੱਟੀ ਪਿਆਰ ਦੀ ਤਾਰ ਨੂੰ ਰੱਬ ਨਾਲ ਜੋੜਲੈ, ਫਿਰ ਨਾ ਮੁਸਲਮਾਨ ਦੀ ਲੋੜ ਤੇ ਨਾ ਹਿੰਦੂ ਦੀ”. ਬਾਬਾ ਮੁਰਾਦ ਸ਼ਾਹ ਜੀ ਘਰ ਜਾ ਕੇ ਸਾਰਿਆਂ ਨੂੰ ਮਿਲ ਆਏ ਤੇ ਸ਼ੇਰੇ ਸ਼ਾਹ ਜੀ ਕੋਲ ਹੀ ਰਿਹਕੇ ਉਨ੍ਹਾਂ ਦੀ ਸੇਵਾ ਕਰਨ ਲੱਗੇ. ਬਾਬਾ ਸ਼ੇਰੇ ਸ਼ਾਹ ਜੀ ਵੱਲੋਂ ਉਨ੍ਹਾਂ ਨੂੰ ਕਾਫੀ ਇਮਤਿਹਾਨ ਦੇਣੇ ਪਏ ਪਰ ਓਹ ਸਾਰੇ ਪਾਸ ਕਰਦੇ ਗਏ ਤੇ ਉਨ੍ਹਾਂ ਦੇ ਸਬਤੋਂ ਪਿਆਰੇ ਬਣ ਗਏ. ਪਰ ਲੋਕਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਨੌਕਰੀ ਛੱਡ ਕੇ ਜੈਲਦਾਰਾਂ ਦਾ ਮੁੰਡਾ ਇੱਕ ਫਕ਼ੀਰ ਦੇ ਮਗਰ ਲੱਗ ਗਿਆ, ਇਹ ਸੁਣਕੇ ਬਾਬਾ ਜੀ ਦੇ ਵੱਡੇ ਭਰਾ ਉਨ੍ਹਾਂ ਨੂੰ ਅਕਸਰ ਫੜ ਕੇ ਘਰ ਲੈ ਆਉਂਦੇ ਤੇ ਕਦੀ ਕਦੀ ਹੱਥ ਵੀ ਚੁੱਕਦੇ. ਬਾਬਾ ਜੀ ਨੇ ਕਈ ਵਾਰ ਮਨ੍ਹਾਂ ਕੀਤਾ ਤੇ ਕਿਹਾ "ਲਾਲਾ ਹੱਥ ਨੀ ਚੁੱਕਣਾ" ਪਰ ਬਾਬਾ ਜੀ ਦੇ ਭਰਾ ਨਹੀਂ ਮੰਨੇ, ਬਾਬਾ ਜੀ ਨੇ ਅਖੀਰ ਕਿਹਾ "ਠੀਕ ਹੈ ਲਾਲਾ ਫੇਰ ਤੂੰ ਇੱਦਾਂ ਨੀ ਮੰਨਣਾ, ਹੁਣ ਤੇਨੂੰ ਫੇਰ ਦੇਖਾਂਗੇ ਕੁੱਟਦੇ ਨੂੰ ਜਦ ਤੇਰੇ ਪੁੱਤ ਤੇਰੀ ਅੱਖ਼ਾਂ ਦੇ ਸਾਹਮਣੇ ਫਕ਼ੀਰ ਬਣਨਗੇ" ਫਕ਼ੀਰਾਂ ਦੇ ਮੁੰਹ ਦੇ ਬੋਲ ਹਮੇਸ਼ਾ ਅਟਲ ਹੁੰਦੇ ਨੇ. ਬਾਬਾ ਜੀ ਇਹ ਕਿਹਕੇ ਫੇਰ ਸ਼ੇਰੇ ਸ਼ਾਹ ਜੀ ਕੋਲ ਚਲੇ ਗਏ.

“ਜਾ ਵੇ ਰਾਹੀਆ ਤੁਰਿਆ ਜਾ, ਅਸੀਂ ਜ਼ੋਰ ਵਖਾ ਕੇ ਕੀ ਲੈਣਾ | ਅਸੀਂ ਆਪਣਾ ਯਾਰ ਮਨਾ ਲੈਣਾ, ਦੁਨੀਆ ਨੂੰ ਮਨਾ ਕੇ ਕੀ ਲੈਣਾ“

ਇੱਦਾਂ ਹੀ ਚੱਲਦਾ ਰਿਹਾ ਆਜ਼ਾਦੀ ਤੋਂ ਕੁਛ੍ਹ ਸਾਲ ਬਾਅਦ ਇੱਕ ਦਿਨ ਸ਼ੇਰੇ ਸ਼ਾਹ ਜੀ ਦਾ ਪੁੱਤ ਤੇ ਨੂੰਹ ਉਨ੍ਹਾਂ ਨੂੰ ਵਾਪਸ ਲੈਕੇ ਜਾਣ ਲਈ ਆ ਗਏ. ਤਾਂ ਸ਼ੇਰੇ ਸ਼ਾਹ ਜੀ ਨੇ ਕਿਹਾ ਮੈਨੂੰ ਲੈਕੇ ਜਾਣ ਤੋਂ ਪਹਿਲਾਂ ਵਿੱਦਿਆ ਸਾਗਰ ਨੂੰ ਪੁੱਛ ਲਵੋ. ਬਾਬਾ ਜੀ ਕਹਿੰਦੇ “ਤੁਹਾਡੇ ਪਿਤਾ ਜੀ ਹਨ, ਮੈਂ ਕੀਵੇਂ ਮਨਾ ਕਰ ਸਕਦਾਂ, ਜਿੱਦਾਂ ਤੁਸੀਂ ਠੀਕ ਸਮਝੋ”. ਫੇਰ ਬਾਬਾ ਜੀ ਸ਼ੇਰੇ ਸ਼ਾਹ ਜੀ ਨੂੰ ਕਹਿੰਦੇ “ਪਰ ਤੁਸੀਂ ਮੈਨੂੰ ਬਹੁਤ ਯਾਦ ਆਓੰਗੇ”. ਸ਼ੇਰੇ ਸ਼ਾਹ ਜੀ ਕਹਿੰਦੇ ਜਦੋਂ ਵੀ ਤੂੰ ਮੈਨੂੰ ਯਾਦ ਕਰਿਆ ਕਰੇਂਗਾ ਮੈਂ ਤੇਨੂੰ ਮਿਲਣ ਆ ਜਾਵਾਂਗਾ. ਫੇਰ ਜਦੋਂ ਸ਼ੇਰੇ ਸ਼ਾਹ ਜੀ ਜਾਣ ਲੱਗੇ ਤਾਂ ਬਾਬਾ ਜੀ ਨੂੰ ਕੋਲ ਬੁਲਾਇਆ ਤੇ ਕਿਹਾ “ਮੇਰੇ ਤੋਂ ਬਾਅਦ ਦੁਨਿਆ ਤੈਨੂੰ ਯਾਦ ਰੱਖੇਗੀ, ਤੇਰਾ ਨਾਮ ਰਹਿੰਦੀ ਦੁਨੀਆ ਤਕ ਆਬਾਦ ਰਹੇਗਾ, ਤੂੰ ਮੇਰੀ ਪੀਢ਼ਿ ਦਾ ਵਾਰਿਸ ਹੈਂ, ਅੱਜ ਤੋ ਬਾਅਦ ਤੇਰਾ ਨਾਮ ਮੁਰਾਦ ਸ਼ਾਹ ਹੋਵੇਗਾ ਤੇ ਜੋ ਵੀ ਤੇਰੇ ਦਰ ਤੇ ਆਏਗਾ ਮੂੰਹ ਮੰਗੀਆਂ ਮੁਰਾਦਾਂ ਪਾਏਗਾ”. ਬਾਬਾ ਜੀ ਹਮੇਸ਼ਾ ਕਹਿੰਦੇ ਸੀ:-

“ਝੋਲੀ ਭਰ ਦੇਊਂ ਮੁਰਾਦਾਂ ਨਾਲ ਤੇਰੀ, ਤੂੰ ਸੱਚੇ ਦਿਲੋਂ ਦੇਖ ਮੰਗ ਕੇ”

ਫੇਰ ਬਾਬਾ ਮੁਰਾਦ ਸ਼ਾਹ ਜੀ ਉੱਥੇ ਹੀ ਰਹਿਣ ਲੱਗੇ ਜਿੱਥੇ ਸ਼ੇਰੇ ਸ਼ਾਹ ਜੀ ਰਹਿੰਦੇ ਸੀ. ਉਸ ਵੇਲੇ ਉੱਥੇ ਜੰਗਲ ਵਾਂਗ ਸੀ ਤੇ ਇੱਕ ਪਾਣੀ ਦਾ ਤਾਲਾਬ ਸੀ ਜਿੱਥੇ ਅੱਜ ਇੱਕ ਖੂਬਸੁਰਤ ਦਰਬਾਰ ਹੈ. ਬਾਬਾ ਮੁਰਾਦ ਸ਼ਾਹ ਜੀ ਹੀਰ ਪੜ੍ਹਦੇ ਰਹਿੰਦੇ ਸੀ ਤੇ ਆਪਣੇ ਮੁਰਸ਼ਦ ਨੂੰ ਯਾਦ ਕਰਦੇ ਰਹਿੰਦੇ ਸੀ. ਬਾਬਾ ਮੁਰਾਦ ਸ਼ਾਹ ਜੀ ਕੋਲ ਇੱਕ ਬਾਂਦਰ ਤੇ ਇੱਕ ਤੂੰਬੀ ਵੀ ਹੁੰਦੀ ਸੀ. ਇੱਕ ਦਿਨ ਬਾਬਾ ਜੀ ਬੈਠੇ ਸੀ ਤੇ ਇੱਕ ਬਜ਼ੁਰਗ ਔਰਤ ਰੋਟੀ ਦਾ ਡੱਬਾ ਲੈ ਕੇ ੳੱਥੋਂ ਲੰਗੀ, ਬਾਬਾ ਜੀ ਉਸ ਨੂੰ ਰੋਜ ਹੀ ਰੋਟੀ ਦਾ ਡੱਬਾ ਲੈ ਕੇ ਜਾਂਦੇ ਦੇਖਦੇ ਸੀ, ਬਾਬਾ ਜੀ ਨੇ ਉਸ ਨੂੰ ਆਵਾਜ਼ ਮਾਰੀ ਤੇ ਕਿਹਾ "ਮਾਤਾ ਕਿੱਥੇ ਚੱਲੀ?" ਤੇ ਔਰਤ ਕਿਹੰਦੀ ਮੇਰੇ ਮੁੰਡਿਆਂ ਨੂੰ ਪਰਸੋੰ ਫਾਂਸੀ ਹੋਣ ਵਾਲੀ ਹੈ, ਉਨ੍ਹਾਂ ਲਈ ਰੋਟੀ ਲੈਕੇ ਜਾ ਰਹੀ ਹਾਂ. ਬਾਬਾ ਜੀ ਕਹਿੰਦੇ “ਓਹ ਤਾਂ ਬਰ੍ਹੀ ਹੋਗਏ”. ਔਰਤ ਨੂੰ ਲੱਗਿਆ ਕਿ ਓਹ ਮਜ਼ਾਕ ਕਰ ਰਹੇ ਨੇ. ਜਦੋਂ ਅੱਗੇ ਗਈ ਤਾਂ ਉੱਥੇ ਖੜੇ ਇੱਕ ਪੋਲਿਸ ਵਾਲੇ ਨੇ ਕਿਹਾ "ਮਾਤਾ ਤੇਰੇ ਮੁੰਡੇ ਤਾਂ ਬਰ੍ਹੀ ਹੋਗਏ ਤੇ ਚਲੇ ਗਏ”. ਫੇਰ ਓਹ ਮਾਤਾ ਬਾਬਾ ਮੁਰਾਦ ਸ਼ਾਹ ਜੀ ਕੋਲ ਵਾਪਸ ਜਾਂਦੀ ਹੈ, ਫੇਰ ਓਹ ਅਕਸਰ ਉਨ੍ਹਾਂ ਲਈ ਚਾਹ੍ਹ ਲੈਕੇ ਆਉਂਦੀ ਤੇ ਉਨ੍ਹਾਂ ਦੇ ਕੱਪੜੇ ਲੈ ਜਾਂਦੀ ਤੇ ਧੋਕੇ ਸਾਫ਼ ਕੱਪੜੇ ਵਾਪਸ ਰੱਖ ਜਾਂਦੀ. ਬਾਬਾ ਜੀ ਉਸ ਔਰਤ ਨੂੰ ਆਪਣੀ ਮਾਂ ਸਮਝਦੇ ਸੀ, ਇੱਕ ਦਿਨ ਬਾਬਾ ਜੀ ਨੇ ਕਿਹਾ "ਮਾਤਾ ਤੇਰੇ ਮੁੰਡੇਆਂ ਨੂੰ ਆਪਾਂ ਇੰਗ਼ਲੈਂਡ ਭੇਜ ਦਈਏ?" ਮਾਤਾ ਕਹਿੰਦੀ ਅਸੀਂ ਤਾਂ ਬਹੁਤ ਗਰੀਬ ਹਾਂ ਅਸੀਂ ਕਿੱਦਾਂ ਭੇਜ ਸਕਦੇ ਹਾਂ. ਬਾਬਾ ਜੀ ਕਹਿੰਦੇ ਮੈਂ ਤੈਨੂੰ ਮਾਂ ਕਿਹਾ ਹੈ, ਆਪਣੇ ਮੁੰਡੇਆਂ ਨੂੰ ਕਹਿ ਦਿੱਲੀ ਜਾ ਕੇ ਇਸ ਬੰਦੇ ਨੂੰ ਮਿਲ ਲੈਣ ਓਹ ਬਾਹਰ ਚਲੇ ਜਾਣਗੇ. ਇੱਦਾਂ ਹੀ ਹੋਇਆ ਤੇ ਕੁੱਛ ਸਮੇਂ ਬਾਅਦ ਦੋਨੋ ਮੁੰਡੇ ਇੰਗ਼ਲੈਂਡ ਪਹੁੰਚ ਗਏ.

ਬਾਬਾ ਮੁਰਾਦ ਸ਼ਾਹ ਜੀ ਹਰ ਸਾਲ ਮੇਲਾ ਵੀ ਕਰਵਾਉਂਦੇ, ਜਿਸਤੇ ਕ਼ਵਾੱਲੀ ਹੁੰਦੀ ਸੀ, ਜਿਸ ਵਿੱਚ ਗਿਣਤੀ ਦੇ ਹੀ ਲੋਗ ਆਉਂਦੇ. ਹਰ ਸਾਲ ਇੱਕ ਮਲੇਰਕੋਟਲੇ ਤੋਂ ਕੱਵਾਲ਼ ਆਕੇ ਗਾਉਂਦੇ ਸੀ, ਉਸ ਸਮੇਂ ਮੁਤਾਬਿਕ ਬਾਬਾ ਜੀ ਕੋਲ ਜੋ ਪੈਸੇ ਹੁੰਦੇ ਸੀ ਉਨ੍ਹਾਂ ਦੇ ਦਿੱਤੇ ਤੇ ਕਿਹਾ ਮੇਰੇ ਤੋਂ ਬਾਦ ਲਾਡੀ ਸ਼ਾਹ ਜੀ ਇੱਥੇ ਆਉਣਗੇ, ਤੇ ਤੇਰਾ ਹਿਸਾਬ ਤੇਰੇ ਪੁੱਤ ਤੇ ਤੇਰੇ ਪੋਤਿਆਂ ਨੂੰ ਕਿੰਨੇ ਗੁਣਾ ਕਰਕੇ ਪੂਰਾ ਕਰਣਗੇ. ਅੱਜ ਵੀ ਓਹੀ ਕੱਵਾਲ਼ ਦੀ ਪੀਢ਼ੀ ਦਰ ਪੀਢ਼ੀ ਚੱਲਦੀ ਆ ਰਹੀ ਹੈ, ਤੇ ਹੁਣ ਵੀ ਮੇਲੇ ਵਿੱਚ ਓਹੀ ਕੱਵਾਲ਼ ਕ਼ਵਾੱਲੀ ਸ਼ੁਰੂ ਕਰਦੇ ਹਨ.| ਇੱਦਾਂ ਹੀ ਸਮਾਂ ਲੰਗਦਾ ਰਿਹਾ ਬਾਬਾ ਮੁਰਾਦ ਸ਼ਾਹ ਜੀ ਹਮੇਸ਼ਾ ਨੰਗੇ ਪੈਰੀ ਚੱਲਦੇ ਸੀ. ਬਾਬਾ ਸ਼ੇਰੇ ਸ਼ਾਹ ਜੀ ਨੇ ਇੱਕ ਵਾਰ ਕਿਹਾ ਸੀ “ਮੁਰਾਦ ਜਿਸ ਦਿਨ ਤੇਰੇ ਪੈਰੀ ਕੰਡਾ ਚੁੱਭ ਗਿਆ ਸਮਝ ਲਈਂ ਮੈਂ ਦੁਨੀਆਂ ਛੱਡ ਗਿਆ” ਇੱਕ ਦਿਨ ਤੁਰਦੇ ਤੁਰਦੇ ਬਾਬਾ ਮੁਰਾਦ ਸ਼ਾਹ ਜੀ ਦੇ ਪੈਰੀ ਕੰਡਾ ਚੁੱਭ ਜਾਂਦਾ ਹੈ, ਬਾਬਾ ਮੁਰਾਦ ਸ਼ਾਹ ਜੀ ਕੋਲੋਂ ਆਪਣੇ ਮੁਰਸ਼ਦ ਦਾ ਵਿਛੋਰਾ ਸਿਹਾ ਨਾ ਗਿਆ ਤੇ ਓਹ ਵੀ ਜਲਦੀ ਹੀ 28 ਸਾਲ ਦੀ ਉਮਰ, 1960 ਵਿੱਚ ਸ਼ਰੀਰ ਛੱਡ ਗਏ. ਬਾਬਾ ਮੁਰਾਦ ਸ਼ਾਹ ਜੀ ਨੇ 24 ਸਾਲ ਦੀ ਉਮਰ ਵਿੱਚ ਫਕ਼ੀਰੀ ਸ਼ੁਰੂ ਕੀਤੀ ਤੇ 28 ਸਾਲ ਦੀ ਉਮਰ ਵਿੱਚ ਦੁਨੀਆਂ ਤੋਂ ਚਲੇ ਗਏ, ਸਿਰਫ 4 ਸਾਲ ਵਿੱਚ ਰੱਬੀ ਰੁਤਬਾ ਪਾ ਲੈਣਾ ਬਹੁਤ ਵੱਡੀ ਗੱਲ ਹੈ.

“ਨਾ ਮਹਿੰਗੀ ਮਿਲਦੀ ਹੈ, ਨਾ ਸਸਤੀ ਮਿਲਦੀ ਹੈ । ਇਹ ਜੋ ਮਸਤੀ ਮਿਲਦੀ ਹੈ, ਮਿਟਾ ਹਸਤੀ ਮਿਲਦੀ ਹੈ“

ਬਾਬਾ ਮੁਰਾਦ ਸ਼ਾਹ ਜੀ ਹਮੇਸ਼ਾ ਚਾਹੁੰਦੇ ਸੀ ਕਿ ਉਨ੍ਹਾਂ ਦੀ ਮਜ਼ਾਰ ਉਸੀ ਜਗ੍ਹਾਂ ਬਣੇ ਜਿੱਥੇ ਸ਼ੇਰੇ ਸ਼ਾਹ ਜੀ ਨੇ ਫਕ਼ੀਰੀ ਕੀਤੀ, ਜਿੱਥੇ ਬਾਬਾ ਜੀ ਆਪ ਰਹੇ. ਪਰ ਉਸ ਸਮੇਂ ਓਹ ਸਰਕਾਰੀ ਜ਼ਮੀਨ ਸੀ, ਲੋਕਾਂ ਨੇ ਸੋਚਿਆ ਕੀ ਜੇ ਬਾਬਾ ਜੀ ਦੀ ਮਜ਼ਾਰ ਇੱਥੇ ਬਣਾਈ ਤਾਂ ਸਰਕਾਰੀ ਲੋਗ ਮਜ਼ਾਰ ਹਟਾ ਨਾ ਦੇਣ, ਇੰਨੇ ਵੱਡੇ ਫ਼ਕ਼ੀਰ ਦੀ ਜਗ੍ਹਾਂ ਨਾਲ ਬੇਅਦਬੀ ਨਾ ਹੋਵੇ ਇਹ ਸੋਚ ਕੇ ਲੋਕਾਂ ਨੇ ਬਾਬਾ ਜੀ ਦੀ ਮਜ਼ਾਰ (ਨਕੋਦਰ) ਸ਼ਮਸ਼ਾਨ ਘਾਟ ਵਿੱਚ ਹੀ ਬਣਾ ਦਿੱਤੀ. ਬਾਬਾ ਜੀ ਜਿਸ ਔਰਤ ਨੂੰ ਮਾਂ ਕਹਿੰਦੇ ਸੀ ਉਨ੍ਹਾਂ ਨੂੰ ਸੁਪਣੇ ਵਿੱਚ ਦਰਸ਼ਨ ਦਿੱਤੇ ਤੇ ਕਿਹਾ "ਮੇਰੀ ਮਜ਼ਾਰ ਉੱਥੇ ਕਿਉਂ ਨਹੀਂ ਬਣਾਈ ਜਿੱਥੇ ਮੈਂ ਕਹੀ ਸੀ" ਮਾਤਾ ਨੇ ਕਿਹਾ ਸਰਕਾਰੀ ਬੰਦੇ ਮਨ੍ਹਾ ਕਰ ਰਹੇ ਸੀ, ਬਾਬਾ ਜੀ ਕਹਿੰਦੇ ਠੀਕ ਹੈ ਮੇਰੇ ਜਿੰਨੇ ਵੀ ਕੱਪੜੇ ਤੇ ਵਸਤਾਂ ਤੇਰੇ ਘਰ ਪਈਆਂ ਨੇ ਉਨ੍ਹਾਂ ਨੂੰ ਇੱਕ ਕੁੱਜੇ ਵਿੱਚ ਪਾਕੇ ਉੱਥੇ ਰੱਖੋ ਤੇ ਉੱਥੇ ਵੀ ਮੇਰੀ ਜਗ੍ਹਾਂ ਬਣਾਓ ਮੈਂ ਆਪ ਦੇਖਾਂਗਾ ਕੌਣ ਹਟਾਏਗਾ, ਇੱਦਾਂ ਹੀ ਹੋਏਆ, ਤੇ ਉੱਥੇ ਵੀ ਬਾਬਾ ਜੀ ਦੀ ਜਗ੍ਹਾਂ ਬਣਾਈ ਗਈ ਜਿੱਥੇ ਬਾਬਾ ਜੀ ਚਾਹੁੰਦੇ ਸੀ, ਜਿਸ ਜਗ੍ਹਾਂ ਨੂੰ ਅਸੀਂ ਡੇਰਾ ਬਾਬਾ ਮੁਰਾਦ ਸ਼ਾਹ ਕਹਿੰਦੇ ਹਾਂ. ਬਾਬਾ ਮੁਰਾਦ ਸ਼ਾਹ ਜੀ ਦੀ ਸਿਰਫ ਇੱਕ ਹੀ ਫੋਟੋ ਸੀ, ਓਹ ਵੀ ਉਨ੍ਹਾਂ ਨੇ ਫਾੜ ਦਿੱਤੀ ਸੀ, ਪਰ ਉਨ੍ਹਾਂ ਦੇ ਭਰਾ ਨੇ ਉਸ ਫੋਟੋ ਨੂੰ ਫੇਰ ਦੁਬਾਰਾ ਜੋੜਕੇ ਰੱਖਿਆ ਸੀ. ਬਾਬਾ ਸ਼ੇਰੇ ਸ਼ਾਹ ਜੀ ਦੀ ਦਰਗਾਹ ਵੀ ਪੰਜਾਬ (ਹਿੰਦੁਸਤਾਨ) ਵਿੱਚ ਫਿਰੋਜ਼ਪੁਰ ਦੇ ਕੋਲ ਹੈ.

“ਸ਼ੇਰੇ ਸ਼ਾਹ ਤੇ ਜੇਕਰ ਯਕੀਨ ਹੋਵੇ, ਬੇੜੀ ਡੁੱਬਦੀ ਨਹੀਂ ਭਾਵੇਂ ਅੜੀ ਹੋਵੇ, ਓਹਦੀ ਬਖਸ਼ਿਸ਼ ਦਾ ਜ਼ਰਾ ਨੀ ਸ਼ੱਕ ਬੰਦਿਆਂ, ਜਿਹਦੀ ਬਾਹੰ ਮੁਰਾਦ ਸ਼ਾਹ ਜੀ ਨੇ ਫੜੀ ਹੋਵੇ”

ਲਾਡੀ ਸਾਂਈ ਜੀ ਬਾਬਾ ਮੁਰਾਦ ਸ਼ਾਹ ਜੀ ਦੇ ਭਤੀਜੇ ਸੀ, ਜਿਨ੍ਹਾਂ ਨੂੰ ਬਾਬਾ ਮੁਰਾਦ ਸ਼ਾਹ ਜੀ ਨੇ ਆਪ ਚੁਣਿਆ ਸੀ. ਉਹਨਾਂ ਦਾ ਨਾਮ ਵਿਜੈ ਕੁਮਾਰ ਭੱਲਾ ਸੀ, ਤੇ ਲਾਡੀ ਸਾਈਂ ਨਾਮ ਉਨ੍ਹਾਂ ਦੇ ਮੁਰਸ਼ਦ ਨੇ ਉਨ੍ਹਾਂ ਨੂੰ ਦਿੱਤਾ ਸੀ, ਲਾਡੀ ਸਾਂਈ ਜੀ ਦਾ ਜਨਮ 26-Sept-1946 ਨੂੰ ਹੋਇਆ ਸੀ. ਉਨ੍ਹਾਂ ਦੀ ਉਮਰ ਸਿਰਫ 14 ਸਾਲ ਸੀ ਜਦੋਂ ਬਾਬਾ ਮੁਰਾਦ ਸ਼ਾਹ ਜੀ ਨੇ ਸ਼ਰੀਰ ਛੱਡਿਆ. ਜਿਵੇਂ ਫ਼ਕ਼ੀਰਾਂ ਦੇ ਬੋਲ ਸੀ, ਕਿ ਇਸ ਖਾਨਦਾਨ ਮੇਂ ਦੋ ਭਗਵਾਨ ਕਾ ਨਾਮ ਲੇਨੇ ਵਾਲੇ ਪੈਦਾ ਹੋਂਗੇ, ਸੋ ਪਹਿਲੇ ਹੋਏ ਬਾਬਾ ਮੁਰਾਦ ਸ਼ਾਹ ਜੀ, ਤੇ ਦੂਜੇ ਹੋਏ ਲਾਡੀ ਸਾਂਈ ਜੀ. ਇੱਕ ਵਾਰ ਦੀ ਗੱਲ ਹੈ ਸਾਂਈ ਜੀ ਆਪਣੀ ਭੂਆ ਕੋਲ ਕੁੱਛ ਦਿਨ ਰਿਹਣ ਲਈ ਰਾਜਸਥਾਨ ਗਏ ਹੋਏ ਸੀ, ਅਤੇ ਭੂਆ ਜੀ ਦੇ ਬਚਿੱਆਂ ਨਾਲ ਖੇਡ ਰਹੇ ਸੀ, ਤੇ ਇੱਕ ਦਮ ਉਨ੍ਹਾਂ ਦੀ ਆਵਾਜ਼ ਬਦਲ ਗਈ, ਬਚਿੱਆਂ ਨੇ ਭੂਆ ਜੀ ਨੂੰ ਦੱਸਿਆ ਤਾਂ ਉਨ੍ਹਾਂ ਦੇਖਿਆ ਬਾਬਾ ਮੁਰਾਦ ਸ਼ਾਹ ਜੀ ਦੀ ਆਵਾਜ਼ ਆ ਰਹੀ ਸੀ, "ਕਹਿੰਦੇ ਭੈਣ ਮੇਰੀ ਮਜ਼ਾਰ ਸੂਨੀ ਪਈ ਹੈ ਲਾਡੀ ਨੂੰ ਕੱਲ 5 ਵਾਲੀ ਗੱਡੀ ਬਿਠਾ ਦਈਂ ਤੇ ਵਾਪਿਸ ਭੇਜ ਦੇ" ਲਾਡੀ ਸ਼ਾਹ ਜੀ ਵਾਪਿਸ ਨਕੋਦਰ ਪਹੁੰਚੇ ਤਾਂ ਖੁਦ ਹੀ ਮਜ਼ਾਰ ਵੱਲ ਚਲੇ ਗਏ, ਉਨ੍ਹਾਂ ਦਾ ਸ਼ਰੀਰ ਤਪ ਰਿਹਾ ਸੀ ਤੇ ਉਨ੍ਹਾਂ ਨੂੰ ਇੱਦਾਂ ਲਗ ਰਿਹਾ ਸੀ ਜਿਵੇਂ ਉਨ੍ਹਾਂ ਦੇ ਸ਼ਰੀਰ ਵਿੱਚੋਂ ਅੱਗ ਨਿਕਲ ਰਹੀ ਹੈ ਤੇ ਕਹਿ ਰਹੇ ਸੀ ਮੈਂ ਫਕ਼ੀਰ ਬਣਨਾ, ਉਨ੍ਹਾਂ ਨੂੰ ਘਰ ਲੈਕੇ ਆਏ ਤਾਂ ਬੁਖਾਰ ਹੋ ਗਿਆ. ਸਾਂਈ ਜੀ ਦੇ ਪਿਤਾ (ਮੁਰਾਦ ਸ਼ਾਹ ਜੀ ਦੇ ਵੱਡੇ ਭਰਾ) ਬਾਬਾ ਮੁਰਾਦ ਸ਼ਾਹ ਜੀ ਦੀ ਫੋਟੋ ਕੋਲ ਗਏ ਤੇ ਕਹਿੰਦੇ "ਤੁਸੀਂ ਮੁੰਡਾ ਲੇਣਾ ਤਾਂ ਲੈ ਲਵੋ ਪਰ ਇਸਨੂੰ ਠੀਕ ਕਰਦੋ" ਫੋਟੋ ਵਿੱਚੋਂ ਆਵਾਜ਼ ਆਈ "ਲਾਲਾ ਅਸੀਂ ਕਿਹਾ ਸੀ ਨਾ ਤੈਨੂੰ ਫੇਰ ਦੇਖਾਂਗੇ ਕੁੱਟਦੇ ਨੂੰ ਜਦੋਂ ਤੇਰੇ ਪੁੱਤ ਤੇਰੀ ਅੱਖ਼ਾਂ ਦੇ ਸਾਹਮਣੇ ਫਕ਼ੀਰ ਬਣਨਗੇ, ਹੁਣ ਨੀ ਕੁੱਟਣਾ ?" ਉਨ੍ਹਾਂ ਦੇ ਭਰਾ ਕਹਿੰਦੇ ਮੇਰੀ ਗਲਤੀ ਸੀ, ਮੈਨੂੰ ਮਾਫ਼ ਕਰੋ ਇਹ ਮੁੰਡਾ ਤੁਹਾਡਾ ਹੈ ਹੁਣ. ਸਾਂਈ ਜੀ ਨੇ ਠੀਕ ਮਿਹਸੂਸ ਕੀਤਾ ਤੇ ਸੋ ਗਏ.

ਕੁੱਛ ਸਾਲ ਬੀਤੇ ਸਾਂਈ ਜੀ ਜਵਾਨ ਹੋਏ, ਕਹਿੰਦੇ ਨੇ ਰੱਬ ਦੀ ਰਾਹ ਤੇ ਚੱਲਣ ਲਈ ਗੁਰੂ ਦੀ ਲੋੜ ਪੈਂਦੀ ਹੈ, ਬਾਬਾ ਮੁਰਾਦ ਸ਼ਾਹ ਜੀ ਦੀ ਪੂਰੀ ਕ੍ਰਿਪਾ ਤੇ ਸ਼ਕਤੀ ਸਾਂਈ ਜੀ ਦੇ ਨਾਲ ਸੀ, ਪਰ ਉਸਨੂੰ ਜਾਗ੍ਰਿਤ ਕਰਨ ਲਈ ਕਿਸੇ ਸੱਚੇ ਸਤਗੁਰੂ ਦੀ ਲੋੜ ਸੀ. ਸਾਂਈ ਜੀ ਗੁਰੂ ਦੀ ਖੋਜ ਲਈ ਘਰੋਂ ਨਿਕਲ ਗਏ. ਸਾਂਈ ਜੀ ਕਈ ਜਗ੍ਹਾਂ ਗਏ, ਕਦੇ ਕਾਸ਼ੀ ਤੇ ਕਦੀ ਹਰਿਦ੍ਵਾਰ, ਤੇ ਇੱਕ ਵਾਰ ਉਨ੍ਹਾਂ ਗਾਤਰਾ ਵੀ ਗਲ ਵਿੱਚ ਪਾਇਆ, ਬਹੁਤ ਲਭਿੱਆ ਪਰ ਕੋਈ ਐਸਾ ਨਾ ਮਿਲਿਆ ਜੋ ਤੀਸਰੀ ਅੱਖ਼ ਖੋਲ ਸਕੇ. ਫੇਰ ਇੱਕ ਦਿਨ ਸਾਂਈ ਜੀ ਬਾਪੂ ਬ੍ਰਹਮ ਜੋਗੀ ਜੀ ਦੇ ਡੇਰੇ ਨਕੋਦਰ ਵਿੱਚ ਪਹੁੰਚ ਗਏ. ਬਾਪੂ ਜੀ ਗੁੱਗਾ ਜਾਹਰ ਪੀਰ ਜੀ ਦੀ ਸਾਧਨਾ ਕਰਦੇ ਸੀ, ਤੇ ਗੁੱਗਾ ਜਾਹਰ ਪੀਰ ਨੂੰ ਪੂਰੀ ਤਰ੍ਹਾਂ ਪੁੱਜੇ ਹੋਏ ਸੀ. ਸਾਂਈ ਜੀ ਉਨ੍ਹਾਂ ਦੇ ਡੇਰੇ ਜਾਕੇ ਦੂਰ ਬੈਠ ਗਏ. ਬਾਪੂ ਜੀ ਨੇ “ਲਾਡੀ” ਕਹਿਕੇ ਆਵਾਜ਼ ਮਾਰੀ, ਕੋਲ ਬੁਲਾਇਆ ਤੇ ਪੁੱਛਿਆ "ਮੁਰਾਦ ਸ਼ਾਹ ਬਣਨਾ?" ਸਾਂਈ ਜੀ ਕਹਿੰਦੇ ਹਾਂਜੀ ਬਣਨਾ. ਬਾਪੂ ਜੀ ਕਹਿੰਦੇ ਠੀਕ ਹੈ ਫੇਰ ਹੁਣ ਤੈਨੂੰ ਮੁਰਾਦ ਸ਼ਾਹ ਬਣਾਕੇ ਹੀ ਭੇਜਾਂਗੇ. ਤੇ ਕਿਹਾ ਜਾ ਅਪਣੀ ਮਾਂ ਦਾ ਅਸ਼ੀਰਵਾਦ ਵੀ ਲੈ ਆ, ਕਿਉਂਕਿ ਫ਼ਕੀਰੀ ਉਦੋਂ ਤੱਕ ਹਾਸਿਲ ਨਹੀਂ ਹੁੰਦੀ ਜਦੋਂ ਤੱਕ ਮਾਂ ਉਸਨੂੰ ਖੈਰ ਨਾ ਪਾਵੇ, ਜਦੋਂ ਸਾਈਂ ਜੀ ਅਪਣੀ ਮਾਤਾ ਜੀ ਅੱਗੇ ਪੇਸ਼ ਹੋਏ ਤਾਂ ਉਨ੍ਹਾਂ ਜੋਗੀਆ ਭੇਸ ਬਣਾਇਆ ਹੋਇਆ ਸੀ, ਮਾਂ ਵਾਸਤੇ ਉਹ ਕਿੰਨਾ ਔਖਾ ਸਮਾਂ ਹੋਵੇਗਾ ਜਿਸਦਾ ਪੁੱਤ ਸਦਾ ਲਈ ਬੇਗਾਨਾ ਹੋਜਾਣਾ ਸੀ, ਤੇ ਕਦੀ ਘਰ ਨਹੀਂ ਵੜਨਾ, ਪਰ ਫੇਰ ਵੀ ਉਨ੍ਹਾਂ ਦੀ ਮਾਂ ਨੇ ਅਸ਼ੀਰਵਾਦ ਦਿੱਤਾ ਤੇ ਕਿਹਾ "ਜਾ ਪੁੱਤ, ਅਪਣੀ ਬਾਪ ਦੀ ਪੱਗ ਨੂੰ ਦਾਗ ਨਾ ਲਾਈਂ, ਫ਼ਕੀਰੀ ਕਰਨੀ ਹੈ ਤਾਂ ਕਰ ਕੇ ਵਿਖਾਈਂ”.

“ਫ਼ਕੀਰਾ ਫ਼ਕੀਰੀ ਦੂਰ ਹੈ, ਜਿਤਨੀ ਕੁ ਲੰਮੀ ਖ਼ਜ਼ੂਰ ਹੈ, ਚੜ੍ਹ ਜਾਏਂ ਤਾਂ ਚੂਪੇਂ ਪ੍ਰੇਮ ਰਸ, ਡਿੱਗ ਪਏ ਤਾਂ ਚਕਨਾ ਚੂਰ ਹੈ”

ਫੇਰ ਬਾਪੂ ਜੀ ਨੇ ਸਾਂਈ ਜੀ ਨੂੰ ਆਪਣਾ ਮੁਰੀਦ ਬਣਾ ਲਿਆ ਤੇ ਆਪਣੇ ਕੋਲ ਹੀ ਰੱਖ ਲਿਆ, ਰੋਜ਼ ਇਮਤਿਹਾਨ ਲਏ ਤੇ ਪੱਕਾ ਕਰਦੇ ਗਏ. ਬਾਪੂ ਜੀ ਕੋਲ ਇੱਕ ਹੋਰ ਬੱਚਾ ਵੀ ਰਹਿੰਦਾ ਸੀ ਜਿਸਦਾ ਨਾਮ ਸੀ ਮੋਹਨ, ਜੋ ਉਨ੍ਹਾਂ ਦਾ ਰਿਸ਼ਤੇਦਾਰ ਸੀ. ਮੋਹਨ ਵੀ ਉਨ੍ਹਾਂ ਦਾ ਮੁਰੀਦ ਬਣਨਾ ਚਾਹੁੰਦਾ ਸੀ ਤੇ ਉਨ੍ਹਾਂ ਪੀੜ੍ਹੀ ਵਿੱਚ ਅੱਗੇ ਚੱਲਣਾ ਚਾਹੁੰਦਾ ਸੀ. ਪਰ ਚੱਲਦਾ ਓਹੀ ਹੈ ਜਿਸਨੂੰ ਗੁਰੂ ਆਪ ਚੁਣੇ, ਤੇ ਜਿਸਦਾ ਗੁਰੂ ਲਈ ਪੂਰਾ ਸਮਰਪਣ ਹੋਵੇ. ਬਾਪੂ ਜੀ ਰੋਜ਼ ਆਪਣੇ ਸ਼ਰੀਰ ਤੇ ਦਵਾਈ ਲਗਾਉਂਦੇ ਸੀ ਕਿਓਂਕਿ ਇੱਕ ਵਾਰ ਬਾਪੂ ਜੀ ਨੇ ਅਪਣੇ ਆਪ ਨੂੰ ਅੱਗ ਲਗਾ ਲਈ ਸੀ, ਜਦੋਂ ਉਨ੍ਹਾਂ ਨੂੰ ਵਿਆਹ ਲਈ ਜੋਰ ਲਗਾਇਆ ਗਿਆ ਸੀ. ਬਾਪੂ ਜੀ ਅਕਸਰ ਆਵਾਜ਼ ਮਾਰਕੇ ਮੋਹਨ ਨੂੰ ਤੇ ਸਾਂਈ ਜੀ ਨੂੰ ਬੁਲਾਉਂਦੇ, ਪਹਿਲਾਂ ਮੋਹਨ ਨੂੰ ਪੁੱਛਦੇ " ਤੂੰ ਕੌਣ ਹੈਂ " ਮੋਹਨ ਨੇ ਕਹਿਣਾ ਮੈਂ ਤੁਹਾਡਾ ਬੱਚਾ, ਉਸ ਵਿੱਚ ਰਿਸ਼ਤੇਦਾਰੀ ਦਾ ਘਮੰਡ ਸੀ, ਬਾਪੂ ਜੀ ਕਹਿੰਦੇ ਫਿਰ ਇਹ ਦਵਾਈ ਜੋ ਹੱਥ ਤੇ ਲੱਗੀ ਹੈ ਇਸਨੂੰ ਚੱਟ ਕੇ ਦਿਖਾ, ਮੋਹਨ ਡਰ ਜਾਂਦਾ ਤੇ ਮਨ੍ਹਾ ਕਰ ਦਿੰਦਾ, ਬਾਪੂ ਜੀ ਫੇਰ ਸਾਂਈ ਜੀ ਨੂੰ ਪੁੱਛਦੇ "ਲਾਡੀ ਤੂੰ ਕੌਣ ਹੈਂ?" ਸਾਂਈ ਜੀ ਕਹਿੰਦੇ “ਤੁਹਾਡੇ ਦਰ ਦਾ ਦਰਵੇਸ਼”, ਬਾਪੂ ਜੀ ਕਹਿੰਦੇ ਫੇਰ ਇਹ ਦਵਾਈ ਚੱਟ, ਸਾਂਈ ਜੀ ਚੱਟਣ ਲਗ ਜਾਂਦੇ. ਸਾਂਈ ਜੀ ਨੇ ਚੱਟਣੀ ਤਾਂ ਉਨ੍ਹਾਂ ਨੂੰ ਇੱਦਾਂ ਲੱਗਣਾ ਜਿਵੇਂ ਆਈਸ ਕ੍ਰੀਮ ਖਾ ਰਹੇ ਨੇ.

“ਜੋ ਅਸਰ ਹੈ ਅੱਖ ਦੀ ਮਾਰ ਅੰਦਰ, ਉਹ ਨਾ ਤੀਰ ਤੇ ਨਾ ਤਲਵਾਰ ਅੰਦਰ, ਓਹਨਾ ਰੱਬ ਨੂੰ ਪਾਕੇ ਕੀ ਲੈਣਾ, ਜਿਨ੍ਹਾਂ ਰੱਬ ਨੂੰ ਮੰਨ ਲਿਆ ਯਾਰ ਅੰਦਰ”

ਅਕਸਰ ਜਦੋਂ ਵੀ ਸਾਂਈ ਜੀ ਬਾਪੂ ਜੀ ਦੇ ਡੇਰੇ ਤੋਂ ਬਾਹਰ ਜਾਂਦੇ ਤਾਂ ਉਨ੍ਹਾਂ ਦੀ ਆਗਿਆ ਲੈਕੇ ਜਾਂਦੇ ਤੇ ਜਦੋਂ ਵਾਪਿਸ ਆਉਣਾ ਤਾਂ ਬਾਹਰ ਆਕੇ ਇੱਕ ਵਾਰ ਆਵਾਜ਼ ਦੇਣੀ "ਬਾਪੂ ਮੈਂ ਆਗਿਆ". ਜਦੋਂ ਤਕ ਬਾਪੂ ਜੀ ਨੇ "ਆਜਾ ਅੰਦਰ" ਨਹੀਂ ਕਹਿਣਾ ਉਦੋਂ ਤਕ ਸਾਂਈ ਜੀ ਡੇਰੇ ਦੇ ਬਾਹਰ ਹੀ ਖੜੇ ਰਹਿੰਦੇ ਫੇਰ ਚਾਹੇ ਰਾਤ ਹੋਜਾਵੇ ਯਾ ਸਵੇਰਾ. ਕਦੀ ਕਦੀ ਗਰਮੀ ਦੇ ਦਿਨਾਂ ਵਿੱਚ ਬਾਪੂ ਜੀ ਲੱਕੜੀ ਦੀ ਪੌੜ੍ਹੀ ਛੱਤ ਨਾਲ ਲਗਾ ਲੇਂਦੇ ਤੇ ਨਿੱਚੇ ਰੇਤਾ ਬਿਛਵਾ ਦਿੰਦੇ, ਰੇਤਾ ਗਰਮੀ ਨਾਲ ਭਖਿਆ ਹੁੰਦਾ ਸੀ. ਫੇਰ ਉਨ੍ਹਾਂ ਪਹਿਲਾਂ ਮੋਹਨ ਨੂੰ ਆਵਾਜ਼ ਮਾਰਨੀ ਤੇ ਪੁੱਛਣਾ "ਮੋਹਨ ਤੂੰ ਕੌਣ ਹੈਂ?" ਮੋਹਨ ਨੇ ਕਹਿਣਾ ਤੁਹਾਡਾ ਬੱਚਾ. ਬਾਪੂ ਜੀ ਨੇ ਕਹਿਣਾ ਫੇਰ ਪੌੜੀ ਚੜ, ਪਰ ਪੁੱਠੀ ਚੜਨੀ. ਮੋਹਨ ਕਹਿੰਦਾ ਬਾਪੂ ਜੀ ਮੈਂ ਗਿਰ ਜਾਵਾਂਗਾ ਤੇ ਮਨਾ ਕਰ ਦਿੰਦਾ. ਫਿਰ ਬਾਪੂ ਜੀ ਨੇ ਸਾਂਈ ਜੀ ਨੂੰ ਪੁੱਛਣਾ "ਲਾਡੀ ਤੂੰ ਕੌਣ ਹੈਂ?" ਸਾਂਈ ਜੀ ਨੇ ਕਹਿਣਾ ਤੁਹਾਡੇ ਦਰ ਦਾ ਦਰਵੇਸ਼, ਬਾਪੂ ਜੀ ਨੇ ਕਹਿਣਾ ਪੌੜੀ ਚੜ ਫਿਰ, ਪਰ ਪੁੱਠੀ ਚੜਨੀ. ਸਾਂਈ ਜੀ ਨੇ ਪਹਿਲਾਂ ਆਪਣੇ ਗੁਰੂ (ਬਾਪੂ ਜੀ) ਨੂੰ ਮੱਥਾ ਟੇਕਣਾ ਫੇਰ ਪਿਛਲੇ ਪਾਸੋਂ ਲੱਤਾਂ ਫਸਾ ਫਸਾ ਕੇ ਚੜ੍ਹਨ ਲਗ ਜਾਂਦੇ, ਜਦੋਂ ਉੱਪਰ ਤਕ ਪਹੁੰਚ ਜਾਂਦੇ ਤਾਂ ਬਾਪੂ ਜੀ ਲੱਤ ਮਾਰਦੇ ਤੇ ਸਾਂਈ ਜੀ ਰੇਤੇ ਤੇ ਗਿਰ ਜਾਂਦੇ. ਸਾਂਈ ਜੀ ੳੱਠਣ ਲੱਗਦੇ ਤਾਂ ਬਾਪੂ ਜੀ ਕਹਿੰਦੇ ਪਿਆ ਰਹਿ. ਤਪਦੀ ਧੁੱਪ ਵਿੱਚ ਪਏ ਰਹਿੰਦੇ ਗੁਰੂ ਦਾ ਆਦੇਸ਼ ਸਮਝਕੇ. ਲੋਕਾਂ ਨੂੰ ਜ਼ੁਲਮ ਲਗਦਾ ਸੀ, ਪਰ ਸਾਂਈ ਜੀ ਨੂੰ ਇੱਦਾਂ ਲੱਗਣਾ ਜਿਵੇਂ ਠੰਡੇ ਘਾ ਤੇ ਪਏ ਨੇ.

ਸਸਾਂਈ ਜੀ ਇੱਕ ਵੱਡੇ ਜੈਲਦਾਰਾਂ ਦੇ ਪਰਿਵਾਰ ਤੋਂ ਸੀ, ਤੇ ਇੱਕ ਵਾਰ ਗੁਰੂਰ ਵਿੱਚ ਓਹ ਕਿਸੇ ਨੂੰ ਇਹ ਕਿਹ ਬੈਠੇ, ਤਾਂ ਬਾਪੂ ਜੀ ਨੇ ਚੌਂਕ ਵਿੱਚ ਕੱਚ ਦੀ ਬੋਤਲ ਪੱਥਰ ਉੱਤੇ ਮਾਰੀ ਸ਼ੀਸ਼ਾ ਬਿਖਰ ਗਿਆ, ਤੇ ਬਾਪੂ ਜੀ ਕਹਿੰਦੇ ਚੱਲ ਵੀ ਲਾਡੀ ਅੱਜ ਤੇਰਾ ਨਾਚ ਦੇਖੀਏ, ਲੋਕਾਂ ਨੇ ਬਾਪੂ ਜੀ ਨੂੰ ਬੇਨਤੀ ਕੀਤੀ ਮਾਫ਼ੀ ਦੇਣ ਲਈ, ਪਰ ਉਨ੍ਹਾਂ ਕਿਹਾ ਇਸ ਵਿੱਚੋਂ ਜੈਲਦਾਰੀ ਦੀ ਬੂ ਕੱਢ ਰਿਹਾਂ. ਸਾਈਂ ਜੀ ਨੇ ਆਪਣੇ ਗੁਰੂ ਦਾ ਹੁਕਮ ਮੰਨਿਆ ਤੇ ਨੱਚਦੇ ਰਹੇ. ਨਾਚ ਨਚਾਉਣ ਵਾਲਾ ਵੀ ਕੈਸਾ ਹੋਵੇਗਾ ਤੇ ਨੱਚਣ ਵਾਲਾ ਵੀ ਕੈਸਾ ਹੋਵੇਗਾ.

“ਜੇ ਸੋਹਣਾ ਮੇਰੇ ਦੁੱਖ ਵਿੱਚ ਰਾਜ਼ੀ ਤਾਂ ਸੁੱਖ ਨੂੰ ਚੁੱਲ੍ਹੇ ਪਾਵਾਂ, ਜੇ ਸੋਹਣਾ ਮੇਰੀ ਮੰਗ ਲਵੇ ਜ਼ਿੰਦੜੀ ਤਾਂ ਮੈਂ ਲੱਖ ਲੱਖ ਸ਼ੁਕਰ ਮਨਾਵਾਂ”

ਫਕ਼ੀਰੀ ਬਹੁਤ ਔਖੀ ਹੈ. ਕੋਈ ਲੱਖ਼ਾਂ ਵਿਚੋਂ ਇੱਕ ਹੀ ਗੁਰੂ ਦੇ ਰਸਤੇ ਤੇ ਪੂਰੀ ਇਮਾਨਤ ਨਾਲ ਚੱਲ ਸਕਦਾ ਹੈ, ਤੇ ਜੋ ਚੱਲ ਜਾਂਦਾ ਓਹ ਸਬ ਪਾ ਜਾਂਦਾ ਹੈ. ਇੱਦਾਂ ਹੀ ਸਮਾਂ ਲੰਗਦਾ ਰਿਹਾ ਇੱਕ ਵਾਰ ਸਾਂਈ ਜੀ ਦੀ ਨਜ਼ਰ ਥੋੜੀ ਕਮਜ਼ੋਰ ਹੋ ਗਈ, ਤੇ ਇੱਕ ਡਾਕਟਰ ਉਨ੍ਹਾਂ ਦਾ ਚਸ਼ਮਾ ਬਣਾਉਣ ਆਗਿਆ, ਬਾਪੂ ਜੀ ਡਾਕਟਰ ਨੂੰ ਕਹਿੰਦੇ “ਮਸ਼ੀਨਾਂ ਬਾਹਰ ਲੈਜਾ, ਇਹ ਅੱਖ ਯਾਰ ਦੀ ਹੈ, ਉਸਦੀ ਮਰਜ਼ੀ ਹੈ ਇਸਨੂੰ ਦੇਖਣ ਦੇਵੇ, ਉਸਦੀ ਮਰਜ਼ੀ ਹੈ ਇਸਨੂੰ ਅੰਦਰੋਂ ਦੇਖਣ ਦੇਵੇ”. ਸਾਈਂ ਜੀ ਨੇ ਐਸੀ ਨਿਭਾਈ ਆਪਣੇ ਮੁਰਸ਼ਦ ਨਾਲ, ਸ਼ਾਇਦ ਹੀ ਅੱਜ ਦੇ ਜ਼ਮਾਨੇ ਵਿੱਚ ਕੋਈ ਐਸਾ ਮੁਰੀਦ ਹੋਵੇਗਾ ਜੋ ਐਸੀ ਨਿਭਾ ਸਕੇ। ਇੱਕ ਵਾਰ ਸਰਦੀਆਂ ਦੀ ਗੱਲ ਹੈ, ਸਵੇਰੇ 5 ਵਜੇ ਬਾਪੂ ਜੀ ਨੇ ਸਾਈਂ ਜੀ ਨੂੰ ਪੁੱਛਿਆ, ਇੱਥੇ ਕਿਤੇ ਗੰਨ੍ਹੇ ਵੀ ਹੁੰਦੇ ਨੇ, ਅੱਜ ਗੰਨਾ ਖਾਣ ਦਾ ਜੀ ਹੈ। ਸਾਈਂ ਜੀ ਨੇ ਸਿਰਫ ਇੱਕ ਪਤਲਾ ਚੋਲਾ ਪਾਇਆ ਹੋਇਆ ਸੀ, ਸਾਈਂ ਜੀ ਓਸੀ ਵੇਲੇ ਪੈਦਲ ਬਾਹਰ ਨਿਕਲ ਗਏ ਤੇ ਬਹੁਤ ਦੂਰ ਤਕ ਚਲੇ ਗਏ, ਅਤੇ ਕੁੱਛ ਘੰਟਿਆਂ ਬਾਅਦ ਠੰਡ ਨਾਲ ਠੱਰਦੇ ਹੋਏ ਗੰਨ੍ਹੇ ਲੈ ਕੇ ਪਹੁੰਚੇ, ਬਾਪੂ ਜੀ ਨੇ ਸਾਈਂ ਜੀ ਨੂੰ ਗਰਮ ਚਾਹ ਪਿਲਾਈ ਤੇ ਆਰਾਮ ਕਰਨ ਲਈ ਕਿਹਾ, ਫੇਰ ਕੁੱਛ ਦਿਨ ਬਾਅਦ ਬਾਪੂ ਜੀ ਨੇ 1 ਦਿਨ ਲਈ ਬਾਹਰ ਜਾਣਾ ਸੀ, ਉਹ ਦੇਖਣਾ ਚਾਹੁੰਦੇ ਸੀ ਕਿ ਜਿਸ ਤਰ੍ਹਾਂ ਸਾਈਂ ਜੀ ਉਨ੍ਹਾਂ ਦੇ ਸਾਹਮਣੇ ਹੁਕਮ ਮੰਨਦੇ ਨੇ ਤੇ ਬਿਨਾਂ ਸਾਹਮਣੇ ਹੋਏ ਵੀ ਉੰਨੀ ਹੀ ਨਿਸ਼ਠਾ ਰੱਖਦੇ ਹਨ ਕੇ ਨਹੀਂ । ਦਰਬਾਰ ਵਿੱਚ ਇੱਕ ਜਗ੍ਹਾਂ ਕੀੜਿਆਂ ਦਾ ਢੇਰ ਲੱਗਿਆ ਹੋਇਆ ਸੀ। ਬਾਪੂ ਜੀ ਨੇ ਕਿਹਾ ਲਾਡੀ ਤੂੰ ਬੈਠ ਮੈਂ ਆਉਂਦਾ, ਬਾਪੂ ਜੀ ਨੇ ਹੱਥ ਨਾਲ ਛੋਟਾ ਜਿਹਾ ਇਸ਼ਾਰਾ ਕੀਤਾ ਉਸ ਜਗਾਹ ਵੱਲ। ਸਾਈਂ ਜੀ ਉਸ ਭੂੰਡਾਂ ਦੇ ਢੇਰ ਤੇ ਹੀ ਬੈਠ ਗਏ ਅਤੇ ਪੂਰਾ ਦਿਨ ਬੈਠੇ ਰਹੇ ਜਦੋਂ ਤੱਕ ਬਾਪੂ ਜੀ ਵਾਪਿਸ ਨਹੀਂ ਆਏ। ਬਾਪੂ ਜੀ ਵਾਪਿਸ ਆਏ ਤੇ ਸਾਈਂ ਜੀ ਨੂੰ ਗਲ ਨਾਲ ਲਾ ਲਿਆ। ਕਿਹਾ ਜਾਂਦਾ ਹੈ ਕਿ ਮੁਰਸ਼ਦ ਆਪਣੇ ਮੁਰੀਦ ਨੂੰ ਸੂਈ ਦੇ ਨੱਕੇ ਵਿੱਚੋ ਲੰਗਉਂਦਾ ਹੈ, ਤਾਂ ਜਾ ਕੇ ਮੁਰੀਦ ਰੱਬ ਦੇ ਰੁੱਤਬੇ ਪਾਉਂਦਾ ਹੈ।

“ਮੰਜ਼ਿਲ ਫ਼ਕੀਰੀ ਦੀ ਬੜੀ ਦੂਰ ਲੋਕੋ, ਉਹ ਵੇਲਣੇ ਵਿੱਚੋਂ ਲੰਘਾ ਦਿੰਦਾ, ਇੱਕ ਵਾਰ ਨਾ ਨਿਕਲੇ ਰਤ ਪੂਰੀ, ਫਿਰ ਮਰੋੜ ਵੇਲਣੇ ਵਿੱਚ ਪਾ ਦਿੰਦਾ, ਤੀਜੀ ਵਾਰ ਜਦ ਬਣਕੇ ਟੋਕ ਡਿੱਗ ਪੈਂਦੀ, ਆਪੇ ਚੁੱਕ ਸੀਨੇ ਨਾਲ ਲਾ ਲੈਂਦਾ”

ਸਾਂਈ ਜੀ 16 ਸਾਲ ਬਾਪੂ ਜੀ ਕੋਲ ਰਹੇ, ਤੇ ਉਨ੍ਹਾਂ ਦੀ ਸੰਪੂਰਣ ਆਗਿਆ ਦਾ ਪਾਲਣ ਕਰਕੇ ਉਨ੍ਹਾਂ ਦੇ ਸਬਤੋਂ ਪਿਆਰੇ ਬਣ ਗਏ, ਇੱਕ ਵਾਰ ਬਾਪੂ ਜੀ ਨੇ ਜ਼ਮੀਨ ਦੇ 30 ਫੁੱਟ ਥੱਲੇ ਖੂਹ ਪਟਵਾਇਆ ਉਸ ਵਿਚ੍ਹ ਬੈਠਣ ਦੀ ਜਗਹਾਂ ਬਣਾਈ, ਉਨ੍ਹਾਂ ਪਹਿਲਾਂ ਮੋਹਨ ਨੂੰ ਪੁੱਛਿਆ "ਖੂਹ੍ਹ ਵਿੱਚ ਬੈਠੇਂਗਾ?" ਮੋਹਨ ਤਾਂ ਪਹਿਲਾਂ ਹੀ ਇਸ ਤਰ੍ਹਾਂ ਦੇ ਕੱਮਾਂ ਤੋਂ ਡਰਦਾ ਸੀ, ਉਸਨੇ ਮਨ੍ਹਾ ਕਰ ਦਿੱਤਾ, ਜਿੱਥੇ ਗੁਰੂ ਤੇ ਭਰੋਸਾ ਹੋਵੇ ਉੱਥੇ ਡਰ ਨਹੀਂ ਰਿਹੰਦਾ, ਇਹ ਇਮਤਿਹਾਨ ਕੋਈ ਜ਼ੁਲਮ ਲਈ ਨਹੀਂ ਬਲਕੀ ਪਰਖ ਲਈ ਹੁੰਦੇ ਨੇ. ਫਿਰ ਸਾਂਈ ਜੀ ਨੂੰ ਪੁੱਛਿਆ “ਖੂਹ ਵਿੱਚ ਬੈਠੇਂਗਾ?”. ਸਾਂਈ ਜੀ ਕਹਿੰਦੇ ਹਾਂਜੀ ਬੈਠੂੰਗਾ. ਬਾਪੂ ਜੀ ਨੇ ਖੂਹ੍ਹ ਵਿੱਚ ਸਬਤੋਂ ਥੱਲੇ ਸਾਂਈ ਜੀ ਨੂੰ ਬਿਠਾਇਆ ਤੇ 20 ਫੁੱਟ ਤੇ ਆਪ ਬੈਠੇ ਫਿਰ ਉੱਪਰੋਂ ਬੰਦ ਕਰ ਲਿਆ ਕੁੱਛ ਦਿਨ ਵਿੱਚ ਹੀ ਰਹੇ ਤੇ ਬਾਹਰ ਨਿਕਲੇ. ਫੇਰ ਬਾਪੂ ਜੀ ਕੱਲੇ ਹੀ ਖੂਹ ਵਿੱਚ ਬੈਠ ਗਏ ਤੇ ੳੱਪਰੋਂ ਬੰਦ ਕਰ ਲਿਆ, ਦਿਨ ਲੰਗਦੇ ਰਹੇ ਪਰ ਬਾਪੂ ਜੀ ਬਾਹਰ ਨਾ ਆਏ, ਫੇਰ ਕੁੱਛ ਮਹੀਨੇ ਲਂਗ ਗਏ ਪਰ ਬਾਪੂ ਜੀ ਬਾਹਰ ਨਾ ਆਏ, ਪਰ ਸਾਂਈ ਜੀ ਬਾਪੂ ਜੀ ਨੂੰ ਯਾਦ ਕਰਦੇ ਰਹਿੰਦੇ ਤੇ ਉਸੀ ਤਰ੍ਹਾਂ ਅਨੁਸ਼ਾਸਨ ਨਾਲ ਰਹਿੰਦੇ ਜਿਸ ਤਰ੍ਹਾਂ ਬਾਪੂ ਜੀ ਦੇ ਸਾਹਮਣੇ ਰਹਿੰਦੇ ਸੀ. ਸਵਾ ਸਾਲ ਬਾਅਦ ਬਾਪੂ ਜੀ ਬਾਹਰ ਨਿਕਲੇ, ਉਸ ਦਿਨ ਮੇਲਾ ਲੱਗਿਆ ਹੋਇਆ ਸੀ, ਬਾਪੂ ਜੀ ਆਪਣੀ ਮੌਜ ਵਿੱਚ ਆ ਗਏ ਤੇ ਸਾਂਈ ਜੀ ਨੂੰ ਲਾਡੀ ਕਿਹ ਕੇ ਆਵਾਜ਼ ਮਾਰੀ, ਕੋਲ ਬੁਲਾਇਆ ਤੇ ਘੁੰਗਰੂ ਦਿੰਦੇ ਹੋਏ ਕਿਹਾ "ਸ਼ੇਰਨੀ ਦਾ ਇੱਕ ਬੱਚਾ ਹੁੰਦਾ ਹੈ ਜਿਹੜਾ ਲੱਖਾਂ ਤੇ ਭਾਰੀ ਹੁੰਦਾ" ਕਹਿੰਦੇ ਹੁਣ ਤੂੰ ਬਣ ਗਿਆ ਮੁਰਾਦ ਸ਼ਾਹ. ਤੇ ਅੱਜ ਤੋਂ ਬਾਦ ਦੁਨੀਆ ਤੈਨੂੰ ਲਾਡੀ ਸ਼ਾਹ ਦੇ ਨਾਮ ਨਾਲ ਜਾਣੇਗੀ, ਤੇ ਕਿਹਾ ਜਾ ਹੁਣ ਆਪਣੇ ਮੁਰਸ਼ਦ ਬਾਬਾ ਮੁਰਾਦ ਸ਼ਾਹ ਜੀ ਦੀ ਜਗਹਾਂ ਤੇ ਬੈਠ, ਤੇ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਕਰ.

“ਲੱਖ ਕਰ ਲੈ ਨੀ ਤੂੰ ਯਤਨ ਭਾਵੇਂ, ਬਿਨ ਗੁਰੂ ਦੇ ਨਾ ਲੰਘੇ ਪਾਰ ਮੀਆਂ, ਜਿਸਦੇ ਸਿਰ ਤੇ ਮੁਰਸ਼ਦ ਦਾ ਹੱਥ ਹੋਵੇ, ਉਸਦੀ ਦੋਨੋ ਜਹਾਨੀ ਜੈ ਜੈ ਕਾਰ ਮੀਆਂ “

ਸਾਂਈ ਜੀ ਨੇ ਫਿਰ ਬਾਬਾ ਮੁਰਾਦ ਸ਼ਾਹ ਡੇਰੇ ਦਾ ਨਿਰਮਾਣ ਸ਼ੁਰੂ ਕਰਵਾਇਆ, ਤੇ ਆਪ ਵੀ ਉੱਥੇ ਹੀ ਰਹਿਣ ਲੱਗੇ, ਕੁੱਛ ਸਾਲਾਂ ਬਾਦ ਇੱਕ ਬਹੁਤ ਹੀ ਖੂਬਸੁਰਤ ਦਰਬਾਰ ਬਣਿਆ. ਸਾਂਈ ਜੀ ਕੋਲ ਦਰਬਾਰ ਦਾ ਨਕਸ਼ਾ ਬਹੁਤ ਸਾਲ ਪਹਿਲਾਂ ਹੀ ਬਣਿਆ ਹੋਇਆ ਸੀ ਕੀ ਆਉਣ ਵਾਲਾ ਵਕ਼ਤ ਇਹ ਹੋਵੇਗਾ. ਸਾਂਈ ਜੀ ਹਰ ਸਾਲ ਬਾਬਾ ਮੁਰਾਦ ਸ਼ਾਹ ਜੀ ਦਾ ਉਰਸ (ਬਰਸੀ) ਮਨਾਉਂਦੇ ਤੇ ਕਵਾੱਲੀ ਵੀ ਹੁੰਦੀ. ਕਵਾੱਲੀ ਦੀ ਮਿਹਫਿਲ ਹਮੇਸ਼ਾ ਇੱਕ ਮਲੇਰਕੋਟਲੇ ਦੇ ਕਵਾਲ "ਕਰਾਮਾਤ ਅਲੀ & ਪਾਰਟੀ" ਹੀ ਸ਼ੁਰੂ ਕਰਦੇ ਸੀ ਜਿਨ੍ਹਾਂ ਦੀ ਪੀੜ੍ਹੀ ਬਾਬਾ ਮੁਰਾਦ ਸ਼ਾਹ ਜੀ ਦੇ ਸਮੇਂ ਦੀ ਚੱਲਦੀ ਆ ਰਹੀ ਹੈ, ਅੱਜ ਵੀ ਉਨ੍ਹਾਂ ਦੀ ਹੀ ਪੀੜ੍ਹੀ ਕ਼ਵਾੱਲੀ ਦੀ ਮਿਹਫਿਲ ਸ਼ੁਰੂ ਕਰਦੀ ਹੈ. ਇੱਕ ਵਾਰ ਸਾਂਈ ਜੀ ਨੇ ਪੈਸਿਆਂ ਦੀ ਪੰਡ ਬੰਨਕੇ ਉਨ੍ਹਾਂ ਨੂੰ ਦਿੱਤੀ ਤੇ ਕਿਹਾ ਕਰਾਮਾਤ ਅਲੀ ਤੇਰਾ ਮੇਰਾ ਹਿਸਾਬ ਪੂਰਾ. ਕਿਓਂਕਿ ਬਾਬਾ ਮੁਰਾਦ ਸ਼ਾਹ ਜੀ ਨੇ ਜੋ ਇੱਕ ਵਾਰ ਕੱਵਾਲਾਂ ਨੂੰ ਵਾਦਾ ਕੀਤਾ ਸੀ, ਕਿ ਤੁਹਾਡਾ ਹਿਸਾਬ ਤੁਹਾਡੇ ਪੁੱਤ ਤੇ ਤੁਹਾਡੇ ਪੋਤਿਆਂ ਨੂੰ ਲਾਡੀ ਸ਼ਾਹ ਜੀ ਪੂਰਾ ਕਰਣਗੇ. ਇਸੇ ਲਈ ਸਾਂਈ ਜੀ ਨੇ ਕਿੰਨੇ ਗੁਣਾ ਕਰਕੇ ਉਨ੍ਹਾਂ ਨੂੰ ਦਿੱਤੇ. ਮੁਰਸ਼ਦ ਦਾ ਕੀਤਾ ਵਾਦਾ ਉਨ੍ਹਾਂ ਲੋੜ ਤੋਂ ਵਧਕੇ ਪੂਰਾ ਕੀਤਾ.

"ਪਾਣੀ ਛੰਨੇ ਵਿੱਚੋਂ ਕਾਂ ਪੀਤਾ, ਤੇਰੇ ਵਿੱਚੋਂ ਰੱਬ ਦਿੱਸਿਆ, ਤੈਨੂੰ ਸੱਜਦਾ ਮੈਂ ਤਾਂ ਕੀਤਾ"

ਇੱਕ ਵਾਰ ਬਾਬਾ ਮੁਰਾਦ ਸ਼ਾਹ ਜੀ ਦਾ ਮੇਲਾ ਆਉਣ ਵਾਲਾ ਸੀ, ਸਾਈਂ ਜੀ ਕੁਲਦੀਪ ਮਾਣਕ ਕੋਲ ਗਏ ਤੇ ਕਿਹਾ ਸਾਡੇ ਬਾਬਾ ਜੀ ਦਾ ਮੇਲਾ ਆਉਣ ਵਾਲਾ ਹੈ, ਤੇ ਗਾਉਣ ਲਈ ਸੱਦਾ ਦਿੱਤਾ। ਕੁਲਦੀਪ ਜੀ ਨੇ ਕਿਹਾ 3500 ਲੱਗਣਗੇ, ਜੋ ਉਸ ਸਮੇਂ ਮੁਤਾਬਿਕ ਬਹੁਤ ਜ਼ਿਆਦਾ ਸੀ। ਸਾਈਂ ਜੀ ਨੇ ਕਿਹਾ ਠੀਕ ਹੈ ਲੈ ਲਿਓ, ਬਹੁਤ ਘੱਟ ਲੋਕਾਂ ਨੂੰ ਉਸ ਸਮੇਂ ਸਾਈਂ ਜੀ ਦੇ ਰੱਬੀ ਰੁਤਬੇ ਦਾ ਪਤਾ ਸੀ, ਕੁਲਦੀਪ ਜੀ ਨੇ ਸੋਚਿਆ ਕੇ ਕੀ ਪਤਾ ਇਹ ਪੈਸੇ ਦੇ ਸਕਣਗੇ ਜਾਂ ਨਹੀਂ, ਤੇ ਮਜ਼ਾਕ ਵਿਚ ਕਹਿੰਦੇ "ਬਾਬਿਓ 3500 ਦੀ ਤਾਂ ਤੁਸੀਂ ਮੱਜ ਵੀ ਖਰੀਦ ਸਕਦੇ ਹੋ" ਬਾਬਾ ਜੀ ਨੇ ਕਿਹਾ ਕੋਈ ਨਾਂ ਤੁਸੀਂ ਮੇਲੇ ਤੇ ਤਾਂ ਆਓ, ਤੇ ਜਦੋਂ ਮੇਲੇ ਤੇ ਆਏ ਤਾਂ ਬਾਬਾ ਜੀ ਨੇ ਇੰਨ੍ਹੇ ਨੋਟ ਉਨ੍ਹਾਂ ਤੇ ਵਾਰੇ ਕਿ ਮਾਣਕ ਜੀ ਨੇ ਝੁਕ ਕੇ ਮੱਥਾ ਟੇਕਿਆ ਤੇ ਕਿਹਾ ਬੱਸ ਕਰੋ, ਬਕਸ਼ ਦੋ, ਤੇ ਮਾਫੀ ਮੰਗੀ। ਉਸ ਦਿਨ ਦਾ ਬਖਸ਼ਿਆ ਅੱਜ ਤੱਕ ਮਾਣਕ ਮਾਣਕ ਹੁੰਦੀ ਹੈ ।

“ਆਦਮੀ, ਆਦਮੀ ਕੋ ਕਿਆ ਦੇਤਾ ਹੈ, ਆਦਮੀ ਤੋ ਬਹਾਨਾ ਹੈ, ਖੁਦਾ ਦੇਤਾ ਹੈ, ਜਬ ਵੋ ਦੇਤਾ ਹੈ ਤੋ ਬੇਹਿਸਾਬ ਦੇਤਾ ਹੈ, ਔਰ ਜਬ ਲੇਤਾ ਹੈ ਤੋ ਚਮੜੀ ਉਤਾਰ ਲੇਤਾ ਹੈ”

ਪੂਰਣ ਸ਼ਾਹ ਕੋਟੀ (ਮਾਸਟਰ ਸਲੀਮ ਦੇ ਪਿਤਾ ਜੀ) ਵੀ ਸਾਈਂ ਜੀ ਕੋਲ ਸੱਜਦੇ ਲਈ ਆਉਂਦੇ ਰਹਿੰਦੇ ਸੀ , 1975 ਦੇ ਨੇੜੇ ਉਹ ਸਾਈਂ ਜੀ ਨਾਲ ਮਿਲੇ ਤੇ ਇੱਕ ਗੂੜਾ ਪਿਆਰ ਪੈ ਗਿਆ । ਸਾਈਂ ਜੀ ਦਾ ਵੀ ਓਹਨਾ ਨਾਲ ਬਹੁਤ ਪਿਆਰ ਸੀ, ਪੂਰਣ ਜੀ ਨੇ ਜਦੋਂ ਵਿਆਹ ਕਰਵਾਇਆ ਤਾਂ ਸਭ ਤੋਂ ਪਹਿਲਾ ਨਕੋਦਰ ਦਰਬਾਰ ਸਾਈਂ ਜੀ ਕੋਲ ਮੱਥਾ ਟੇਕਣ ਆਏ । ਤੇ ਜਦੋ ਜਾਣ ਲੱਗੇ ਤਾਂ ਸਾਈਂ ਜੀ ਨੇ ਕਿਹਾ "ਤੁਹਾਡੇ ਮੁੰਡਾ ਹੋਣਾ, ਜਿਸਦਾ ਨਾਮ ਸਲੀਮ ਰੱਖਿਓ, ਜਿਸਨੂੰ ਸਾਰੀ ਦੁਨੀਆਂ ਵਿੱਚ ਸ਼ੋਹਰਤ ਮਿਲੇਗੀ"। ਹੋਇਆ ਵੀ ਇੱਦਾ ਹੀ, ਮਾਸਟਰ ਸਲੀਮ ਜੀ ਨੇ ਸੰਗੀਤ ਦੀ ਦੁਨੀਆਂ ਵਿੱਚ ਬਹੁਤ ਨਾਮ ਕਮਾਇਆ, ਸਲੀਮ ਜੀ ਦੇ ਗੀਤ ਸ਼ੁਰੂ ਵਿੱਚ ਇੰਨ੍ਹੇ ਮਸ਼ਹੂਰ ਨਹੀਂ ਹੋਏ ਤਾਂ ਸਾਈਂ ਜੀ ਨੇ ਇਸ਼ਾਰਾ ਦਿੱਤਾ ਤੇ ਕਿਹਾ "ਸਲੀਮ ਜੈ ਮਾਤਾ ਦੀ ਕਰਿਆ ਕਰੋ", ਸਲੀਮ ਜੀ ਨੇ ਅਪਣੀ ਮਾਂ ਨੂੰ ਦੱਸਿਆ ਕਿ ਮੈਨੂੰ ਸਮਝ ਨਹੀਂ ਆਇਆ ਸਾਈਂ ਜੀ ਨੇ ਇਹ ਕਿਓਂ ਕਿਹਾ, ਓਹਨਾ ਦੀ ਮਾਂ ਨੇ ਕਿਹਾ ਕਿ ਸਾਈਂ ਜੀ ਨੇ ਤੈਨੂੰ ਮਾਤਾ ਦੀ ਭੇਟਾਂ ਗਾਉਣ ਲਈ ਕਿਹਾ ਹੈ । ਸਲੀਮ ਜੀ ਨੇ ਜਦੋਂ ਮਾਤਾ ਦੀ ਭੇਟਾਂ ਦੀ ਐਲਬਮ ਕੱਢੀ ਤਾਂ ਹਰ ਪਾਸੇ ਸਲੀਮ ਸਲੀਮ ਹੋ ਗਈ। ਜਿਸ ਲਈ ਓਹਨਾ ਨੂੰ ਬਹੁਤ ਕਾਮਯਾਬੀ ਤੇ ਪ੍ਰਸਿੱਧੀ ਮਿਲੀ । ਫੇਰ ਕੁੱਛ ਸਾਲਾਂ ਬਾਅਦ ਪ੍ਰੋਗਰਾਮ ਆਉਣੇ ਬੰਦ ਹੋ ਗਏ ਤੇ ਉਹਨਾਂ ਦਾ ਕੰਮ ਬਹੁਤ ਘੱਟ ਗਿਆ, ਉਹ ਆਪਣੇ ਮਾਤਾ ਪਿਤਾ ਨਾਲ ਸਾਈਂ ਜੀ ਕੋਲ ਗਏ ਤੇ ਬੈਠ ਗਏ, ਸਾਈਂ ਜੀ ਨੇ ਪੁੱਛਿਆ "ਓਏ ਸਲੀਮ ਕੀ ਹੋਇਆ"। ਸਲੀਮ ਜੀ ਨੇ ਕਿਹਾ ਬਾਬਾ ਜੀ ਇੰਨਾ ਕੁੱਛ ਦਿਖਾ ਕੇ , ਇੰਨਾ ਕੁੱਛ ਚਲਾ ਕੇ ਹੁਣ ਇੱਕ ਦਮ ਹਨੇਰਾ ਹੋ ਗਿਆ "ਸਾਈਂ ਜੀ ਨੇ ਕਿਹਾ "ਕੋਈ ਨਾ, ਕਦੀ ਕਦੀ ਹਨੇਰੇ ਤੋਂ ਬਾਅਦ ਐਸਾ ਚਾਨਣ ਆਉਂਦਾ ਹੈ ਜਿਹੜਾ ਕਦੀ ਹਨੇਰਾ ਹੋਣ ਹੀ ਨਹੀਂ ਦਿੰਦਾ । ਫੇਰ ਸਾਈਂ ਜੀ ਨੇ ਪੁੱਛਿਆ "ਦੱਸ ਕਿੱਥੇ ਗਾਉਣਾ", ਪਰ ਸਲੀਮ ਜੀ ਨੇ ਕਿਹਾ ਕਿ ਸਾਈਂ ਜੀ ਤੁਸੀਂ ਗਵਾਉਂਣਾ ਜਿੱਥੇ ਮੌਕਾ ਦਵੋ ਤੁਸੀਂ, ਸਾਈਂ ਜੀ ਨੇ ਖੁਸ਼ ਹੋ ਕੇ ਕਿਹਾ "ਜਾਓ ਫੇਰ ਗਾਓ , ਗਾਓ , ਗਾਓ"। ਕੁੱਛ ਦਿਨ ਬਾਅਦ ਫ਼ੇਰ ਸੱਬ ਕੁੱਛ ਪਹਿਲਾਂ ਵਰਗਾ ਹੀ ਹੋ ਗਿਆ । ਫ਼ਿਲਮਾਂ ਵਿੱਚ ਵੀ ਮੌਕਾ ਮਿਲਿਆ, ਪ੍ਰੋਗਰਾਮ ਵੀ ਵੱਡੇ ਵੱਡੇ ਮਿਲੇ। ਤੇ ਫਿਰ ਅਸਮਾਨ ਨੂੰ ਛਹੁ ਲਿਆ । ਪੂਰਨ ਸ਼ਾਹ ਕੋਟੀ ਜੀ ਨੂੰ ਵੀ ਸਾਈਂ ਜੀ ਨੇ ਕਿਹਾ ਸੀ ਕਿ ਤੈਨੂੰ ਫ਼ਕੀਰੀ ਮਿਲਣੀ ਹੈ, ਤੇ ਉਹ ਵੀ ਕੁੱਛ ਸਾਲ ਬਾਅਦ ਫ਼ਕੀਰੀ ਵਿੱਚ ਪੈ ਗਏ ਤੇ ਇੱਕ ਪੀਰਾਂ ਦੀ ਜਗ੍ਹਾਂ ਤੇ ਸੇਵਾ ਕਰਦੇ ਨੇ।

ਕਹਿੰਦੇ ਨੇ ਗੁਰੂ ਨੇ ਜਿਸਨੂੰ ਚੁਣਿਆ ਹੋਵੇ ਓਹ ਖੁਦ ਇੱਕ ਦਿਨ ਆਪਣੇ ਗੁਰੂ ਕੋਲ ਪਹੁੰਚ ਹੀ ਜਾਂਦਾ ਹੈ. ਸਾਂਈ ਜੀ ਨੇ ਵੀ ਜਿਨ੍ਹਾਂ ਨੂੰ ਚੁਣਿਆ ਓਹ ਵੀ ਇਸੇ ਤਰ੍ਹਾਂ ਦਰਬਾਰ ਆਏ, ਜਿਨ੍ਹਾਂ ਦਾ ਨਾਮ ਹੈ ਗੁਰਦਾਸ ਮਾਨ ਵਿਸ੍ਹ੍ਵ ਪ੍ਰਸਿਧ ਗਾਇੱਕ ਤੇ ਬਹੁਤ ਹੀ ਨੇਕ ਦਿਲ ਇਨਸਾਨ. ਇੱਕ ਵਾਰ ਦੀ ਗੱਲ ਹੈ ਸੁਰਿੰਦਰ ਸ਼ਿੰਦਾ ਤੇ ਪੂਰਨ ਸ਼ਾਹ ਕੋਟੀ ਜੀ ਸਾਂਈ ਜੀ ਕੋਲ ਬੈਠੇ ਸੀ. ਸਾਂਈ ਜੀ ਨੇ ਸੁਰਿੰਦਰ ਸ਼ਿੰਦਾ ਜੀ ਨੂੰ ਕਿਹਾ “ਓਹ ਜਿਹੜਾ ਨੌਜਵਾਨ ਡਫਲੀ ਜੀ ਬਜਾਉਂਦਾ ਫਿਰਦਾ ਓਹ ਕਿੱਥੇ ਹੈ”, ਫਿਰ ਕਹਿੰਦੇ “ਤੈਨੂੰ ਮਿਲਦਾ ਤਾਂ ਹੋਣਾ, ਉਸਨੂੰ ਕਹੀਂ ਕੇ ਸਾਰੀ ਦੁਨੀਆ ਵਿੱਚ ਤਾਂ ਤੂੰ ਫਿਰਦਾ ਰਹਿਨਾ ਇੱਕ ਓਹ ਵੀ ਜਗ੍ਹਾਂ ਹੈ ਜਿੱਥੇ ਤੇਰੀ ਇੰਤਜ਼ਾਰ ਹੋ ਰਹੀ ਹੈ”.

ਫਿਰ ਇੱਕ ਵਾਰ 1982 ਵਿੱਚ ਫਿਲਮ "ਉੱਚਾ ਦਰ ਬਾਬੇ ਨਾਨਕ ਦਾ" ਦੀ ਸ਼ੂਟਿੰਗ ਤੇ ਸ਼ਿੰਦਾ ਜੀ ਨੇ ਗੁਰਦਾਸ ਮਾਨ ਜੀ ਨਾਲ ਗੱਲ ਕੀਤੀ ਕਿ ਤੁਹਾਨੂੰ ਸਾਡੇ ਸਾਂਈ ਜੀ ਬਹੁਤ ਯਾਦ ਕਰਦੇ ਨੇ, ਨਕੋਦਰ ਵਾਲੇ. ਗੁਰਦਾਸ ਜੀ ਨੇ ਸਿਹਜ ਦੇ ਵਿੱਚ ਕਿਹਾ ਕੀ ਜਦੋਂ ਉਨ੍ਹਾਂ ਦੀ ਮਰਜ਼ੀ ਹੋਵੇਗੀ ਜਰੂਰ ਚੱਲਾਂਗੇ. ਫੇਰ ਇੱਕ ਦਿਨ ਗੁਰਦਾਸ ਮਾਨ ਜੀ ਨੂੰ ਸੁਪਨਾ ਆਇਆ ਤੇ ਉਨ੍ਹਾਂ ਇੱਕ ਦਰਬਾਰ ਦੇਖਿਆ ਜਿੱਥੇ ਤਲਾਬ ਬਣਿਆ ਹੋਇਆ ਤੇ ਮੇਲਾ ਲੱਗਿਆ ਹੋਇਆ ਹੈ ਸੰਗਤਾਂ ਦਾ. ਸਵੇਰੇ ਉੱਠੇ ਤਾਂ ਸ਼ਿੰਦਾ ਜੀ ਦਾ ਫੋਨ ਆਇਆ ਕਿ ਅੱਜ ਵੀਰਵਾਰ ਹੈ ਜੇ ਤੁਹਾਡੇ ਕੋਲ ਸਮਾਂ ਹੋਵੇ ਤਾਂ ਚੱਲੀਏ? ਮਾਨ ਸਾਹਿਬ ਕਹਿੰਦੇ ਕੀ ਹਾਂ ਚੱਲਦੇ ਹਾਂ, ਵੈਸੇ ਮੈਂ ਇੱਕ ਸੁਪਨਾ ਵੀ ਦੇਖਿਆ. ਸ਼ਿੰਦਾ ਜੀ ਰਸਤੇ ਵਿੱਚ ਸਮਝਾ ਰਹੇ ਸੀ ਕਿ ਸਾਂਈ ਜੀ ਕੁੱਛ ਦੇਣ ਤਾਂ ਮਨਾ ਨਾ ਕਰਿਓ ਸਵੀਕਾਰ ਕਰ ਲਾਇਓ, ਕੋਈ ਨਾ ਨੁੱਕਰ ਨਾ ਕਰਨਾ. ਜਦੋਂ ਦਰਬਾਰ ਪਹੁੰਚੇ ਤਾਂ ਗੁਰਦਾਸ ਮਾਨ ਜੀ ਨੇ ਦੇਖਿਆ ਕਿ ਇਹ ਤਾਂ ਓਹੀ ਦਰਬਾਰ ਹੈ ਜੋ ਉਨ੍ਹਾਂ ਨੇ ਸੁਪਨੇ ਵਿੱਚ ਦੇਖਿਆ ਸੀ, ਗੁਰਦਾਸ ਮਾਨ ਜੀ ਸਾਂਈ ਜੀ ਕੋਲ ਬੈਠੇ ਤੇ ਫਿਰ ਚੱਲਦੇ ਚੱਲਦੇ ਗੱਲਾਂ ਹੋਈਆਂ, ਸਾਂਈ ਜੀ ਕਹਿੰਦੇ ਗੁਰਦਾਸ ਫੇਰ ਕੀ ਦੇਖਿਆ, ਗੁਰਦਾਸ ਜੀ ਕਹਿੰਦੇ ਇਹ ਦਰਬਾਰ ਤਾਂ ਮੈਂ ਸੁਪਨੇ ਵਿੱਚ ਹੀ ਦੇਖ ਲਿਆ ਸੀ, ਸਾਂਈ ਜੀ ਕਹਿੰਦੇ ਬਸ ਬਸ ਜਿਆਦਾਂ ਪਰਦੇ ਨੀ ਖੋਲੀਦੇ, ਫੇਰ ਸਾਂਈ ਜੀ ਨੇ ਆਪਣਾ ਚਸ਼ਮਾ ਉਤਾਰ ਕੇ ਗੁਰਦਾਸ ਜੀ ਦੇ ਲਗਾਇਆ ਤੇ ਪੁੱਛਿਆ ਦੇਖੀਂ ਠੀਕ ਹੈ? ਮਾਨ ਸਾਹਿਬ ਕਹਿੰਦੇ ਥੋੜਾ ਜਾ ਢਿੱਲਾ ਹੈ ਸਾਂਈ ਜੀ ਨੇ ਉਸੀ ਸਮੇਂ ਵਾਪਸ ਖਿੱਚ ਲਿਆ ਤੇ ਕਿਹਾ ਜਿਸ ਦਿਨ ਫਿੱਟ ਆਗਿਆ ਉਸ ਦਿਨ ਲੈ ਲਵੀਂ. ਜੋ ਕੀ ਇੱਕ ਬਹੁਤ ਵੱਡਾ ਇਸ਼ਾਰਾ ਸੀ.

ਫਿਰ 5 ਸਾਲ ਗੁਰਦਾਸ ਜੀ ਨਕੋਦਰ ਨਹੀਂ ਆਏ ਤੇ ਆਪਣੀ ਦਿਨਚਰਿਯਾ ਵਿੱਚ ਵਿਅਸਤ ਹੋ ਗਏ, ਉਸ ਵੇਲੇ ਗੁਰਦਾਸ ਜੀ ਨੂੰ ਕਾਫੀ ਚਿੰਤਾ ਰਹਿੰਦੀ ਸੀ ਕਿਉਂ ਕਿ ਉਨ੍ਹਾਂ ਦੀ ਪਤਨੀ ਮਨਜੀਤ ਮਾਨ ਜੀ ਦਾ Thyroid ਕਾਰਣ ਭਾਰ ਬਹੁਤ ਵੱਧ ਗਿਆ ਸੀ, ਉਨ੍ਹਾਂ ਨੇ ਬਹੁਤ ਡਾਕਟਰਾਂ ਨੂੰ ਦਿਖਾਇਆ, ਹਰ ਜਗ੍ਹਾ ਇਲਾਜ ਕਰਵਾਇਆ ਪਰ ਕੋਈ ਹਲ ਨਾ ਨਿਕਲਿਆ, ਫਿਰ ਗੁਰਦਾਸ ਜੀ ਦੇ ਇੱਕ ਦੋਸਤ ਦਵਿੰਦਰ ਸ਼ਾਯਰ ਨੇ ਖੰਨਾ ਸ਼ਿਹਰ ਤੋਂ ਫੋਨ ਕੀਤਾ ਤੇ ਦੱਸਿਆ ਕਿ ਓਹ ਇੱਕ ਪਹੁੰਚੇ ਹੋਏ ਪੰਡਿਤ ਨੂੰ ਜਾਣਦੇ ਹਨ ਤੇ ਤੁਸੀਂ ਆ ਜਾਓ. ਗੁਰਦਾਸ ਜੀ ਤੇ ਮਨਜੀਤ ਜੀ ਉਸ ਵੇਲੇ ਪਟਿਆਲੇ ਰਹਿੰਦੇ ਸੀ. ਤੇ ਓਹ ਅਗਲੇ ਹੀ ਦਿਨ ਖੰਨਾ ਵੱਲ ਨਿਕਲ ਪਏ, ਪਹੁੰਚਦੇ ਹੀ ਪੰਡਿਤ ਨੂੰ ਮਿਲੇ, ਤੇ ਪੰਡਿਤ ਨੇ ਦੱਸਿਆ ਕਿ ਤੁਹਾਡੇ ਤੇ ਰਾਹੂ ਕੇਤੂ ਦਾ ਚੱਕਰ ਹੈ ਤੇ ਬਹੁਤ ਸਾਰੇ ਉਪਾਏ ਲਿਖ ਦਿੱਤੇ. ਫੇਰ ਉਨ੍ਹਾਂ ਨਿਰਾਸ਼ ਹੋਕੇ ਗੱਡੀ ਵਾਪਸ ਪਟਿਆਲੇ ਵੱਲ ਮੋੜਨ ਲੱਗੇ, ਤਾਂ ਗੁਰਦਾਸ ਜੀ ਕਹਿੰਦੇ ਮਨਜੀਤ ਇੱਕ ਜਗ੍ਹਾਂ ਹੋਰ ਰਹ ਗਈ ਉੱਥੇ ਵੀ ਜਾਕੇ ਆਈਏ ਜਿੱਥੇ 5 ਸਾਲ ਪਹਿਲਾਂ ਗਏ ਸੀ, ਨਕੋਦਰ. ਮਨਜੀਤ ਜੀ ਕਹਿੰਦੇ ਚਲੋ. ਜਾਂਦੇ ਜਾਂਦੇ ਗੁਰਦਾਸ ਜੀ ਆਪਣੇ ਮੰਨ ਵਿੱਚ ਸੋਚ ਰਹੇ ਸੀ ਕਿ ਮੈਂ ਬਾਬਾ ਜੀ ਨੂੰ ਕੀ ਅਰਪਣ ਕਰੁਂਗਾ ਕਿਓਂਕੀ ਉਨ੍ਹਾਂ ਜਲਦੀ ਜਲਦੀ ਵਿੱਚ ਕੋਈ ਪ੍ਰਸ਼ਾਦ ਵੀ ਨਹੀਂ ਲਿਆ ਸੀ. ਗੁਰਦਾਸ ਜੀ ਦੇ ਇੱਕ ਘੜੀ ਬੰਨੀ ਹੁੰਦੀ ਸੀ ਜਿਸ ਵਿੱਚ ਛੋਟੇ ਛੋਟੇ ਹੀਰੇ ਜੜੇ ਹੁੰਦੇ ਸੀ ਉਨ੍ਹਾਂ ਮਨ ਵਿੱਚ ਸੋਚਿਆ ਕਿ ਘੜੀ ਦੇਦਾਂਗਾ, ਗੁਰਦਾਸ ਜੀ ਹਲੇ ਰਸਤੇ ਵਿੱਚ ਹੀ ਹਨ ਤੇ ਨਕੋਦਰ ਵਿੱਚ ਸਾਂਈ ਜੀ ਕੋਲ ਇੱਕ ਮੁੰਡਾ ਤੇ ਸ਼ਰਦਾ ਜੀ ਬੈਠੇ ਸੀ, ਸਾਂਈ ਜੀ ਉਨ੍ਹਾਂ ਨੂੰ ਪੁੱਛ ਰਹੇ ਸੀ “ਤੁਸੀਂ ਹੀਰਿਆਂ ਵਾਲੀ ਘੜੀ ਦੇਖੀ ਹੈ?” ਸ਼ਰਦਾ ਜੀ ਕਹਿੰਦੇ ਸਾਂਈ ਜੀ ਤੁਹਾਡੀ ਲੀਲਾ ਹੈ ਤੁਸੀਂ ਕੁੱਛ ਵੀ ਦਿਖਾ ਸਕਦੇ ਹੋਂ. ਸਾਂਈ ਜੀ ਕਹਿੰਦੇ ਤੁਹਾਨੂੰ ਹੀਰਿਆਂ ਵਾਲੀ ਘੜੀ ਦਿਖਾਉਂਦੇ ਹਾਂ ਅੱਜ. ਉਸੀ ਵੇਲੇ ਮੰਡਾਲੀ ਵਾਲੇ ਬਾਬਾ ਜੀ ਸਾਂਈ ਜੀ ਨੂੰ ਮੰਡਾਲੀ ਮੇਲੇ ਤੇ ਆਉਣ ਦਾ ਨਿਮੰਤਰਣ ਦੇਣ ਆਏ, ਤੇ ਕਹਿੰਦੇ ਕਿ ਸਾਡੇ ਮੇਲੇ ਤੇ ਸਾਰੇ ਕਲਾਕਾਰ ਗਾ ਗਏ ਪਰ ਕਦੀ ਗੁਰਦਾਸ ਨੀ ਆਇਆ, ਸਾਂਈ ਜੀ ਕਹਿੰਦੇ ਗੁਰਦਾਸ ਵੀ ਆਉਣ ਵਾਲਾ ਹੀ ਹੈ. ਮੰਡਾਲੀ ਵਾਲੇ ਬਾਬਾ ਜੀ ਨੂੰ ਪੂਰੀ ਗੱਲ ਦਾ ਨਹੀਂ ਪਤਾ ਸੀ ਕਿ ਸਾਂਈ ਜੀ ਨੇ ਕੀ ਕਿਹਾ.

ਫੇਰ ਮੰਡਾਲੀ ਵਾਲੇ ਬਾਬਾ ਜੀ ਚਲੇ ਗਏ ਤੇ ਗੁਰਦਾਸ ਮਾਨ ਜੀ ਦਰਬਾਰ ਪਹੁੰਚੇ, ਪ੍ਰਵੇਸ਼ ਕੀਤਾ, ਸਾਂਈ ਜੀ ਦਾ ਮੂੰਹ ਦੂਜੇ ਪਾਸੇ ਸੀ, ਗੁਰਦਾਸ ਜੀ ਉਨ੍ਹਾਂ ਨੂੰ ਮੱਥਾ ਟੇਕਣ ਲੱਗੇ ਤਾਂ ਸਾਂਈ ਜੀ ਕਹਿੰਦੇ ਪਹਿਲਾਂ ਬਾਬਾ ਮੁਰਾਦ ਸ਼ਾਹ ਜੀ ਕੋਲ ਟੇਕ. ਗੁਰਦਾਸ ਜੀ ਮੱਥਾ ਟੇਕ ਕੇ ਸਾਂਈ ਜੀ ਕੋਲ ਵਾਪਸ ਆਏ ਉਨ੍ਹਾਂ ਕੋਲ ਬੈਠੇ ਤਾਂ ਸ਼ਰਦਾ ਜੀ ਕਹਿੰਦੇ ਸਾਂਈ ਜੀ ਗੁਰਦਾਸ ਸਾਡੇ ਕੋਲ ਇੱਕੋ ਵਾਰ ਆਇਆ ਫੇਰ ਨੀ ਆਇਆ, ਸਾਂਈ ਜੀ ਕਹਿੰਦੇ ਇਹ ਸਾਡੇ ਕੋਲ ਕਿੱਥੇ ਆਉਂਦੇ ਨੇ ਇਹ ਤਾਂ ਰਾਹੂ ਕੇਤੂ ਦੇ ਚੱਕਰਾਂ ਵਿੱਚ ਪਏ ਨੇ. ਗੁਰਦਾਸ ਜੀ ਰੋਨਾ ਸ਼ੁਰੂ ਹੋਗਏ ਤੇ ਮੰਨ ਵਿੱਚ ਬੋਲਦੇ ਰਹੇ "ਮੈਨੂੰ ਬਖ਼ਸ਼ ਦਿਓ, ਬਖਸ਼ ਦਿਓ" ਸਾਂਈ ਜੀ ਆਪਣੇ ਮੁੰਹ ਤੋਂ ਬੋਲ ਰਹੇ ਸੀ “ਜਾ ਬਖਸ਼ਤਾ ਜਾ ਬਖਸ਼ਤਾ" ਗੁਰੂ ਓਹੀ ਜਿਹਰਾ ਬਿਨਾ ਬੋਲੇ ਬਾਤ ਜਾਣੇ. ਤਾਹੀਂ ਸਿਆਣੇ ਕਹਿੰਦੇ ਨੇ ਪਾਣੀ ਪੀਏ ਛਾਂਨ ਕੇ ਤੇ ਗੁਰੂ ਬਣਾਈਏ ਜਾਣਕੇ. ਗੁਰਦਾਸ ਜੀ ਨੇ ਉਸ ਦਿਨ ਦੇਖ ਲਿਆ ਕਿ ਇਨ੍ਹਾਂ ਤੋ ਉੱਪਰ ਕੁੱਛ ਨਹੀਂ, ਉਨ੍ਹਾਂ ਨੂੰ ਸਾਕ੍ਸ਼ਾਤ ਰੱਬ ਦੀ ਤਸਵੀਰ ਸਾਂਈ ਜੀ ਵਿੱਚੋਂ ਦਿਖੀ. ਸਾਂਈ ਜੀ ਨੇ ਆਪਣੀ ਜੇਬ ਵਿੱਚ ਪੈਸੇ ਮੁੱਠੀ ਭਰਕੇ ਗੁਰਦਾਸ ਜੀ ਨੂੰ ਦਿੱਤੇ ਤੇ ਪੁਛਿੱਆ ਮੰਡਾਲੀ ਸ਼ਰੀਫ਼ ਮੇਲਾ ਹੈ ਉੱਥੇ ਗਾ ਜਾਏਂਗਾ? ਗੁਰਦਾਸ ਜੀ ਕਹਿੰਦੇ “ਜੋ ਆਗਿਆ”. ਫੇਰ ਗੁਰਦਾਸ ਜੀ ਜਾਣ ਲੱਗੇ ਤਾਂ ਸਾਂਈ ਜੀ ਨੇ ਆਵਾਜ਼ ਮਾਰੀ ਤੇ ਕਿਹਾ "ਘੜੀ?" ਗੁਰਦਾਸ ਜੀ ਮੁਸ੍ਕੁਰਾਏ, ਘੜੀ ਉਤਾਰਨ ਲੱਗੇ ਤਾਂ ਸਾਂਈ ਜੀ ਕਹਿੰਦੇ ਨਹੀਂ ਆਪਣੇ ਹੀ ਬੰਨੀ ਰੱਖ, ਗੁਰਦਾਸ ਜੀ ਕਹਿੰਦੇ ਨਹੀ ਸਾਂਈ ਜੀ ਤੁਸੀਂ ਸਵੀਕਾਰ ਕਰੋ, ਸਾਂਈ ਜੀ ਨੇ ਫੇਰ ਕਿਹਾ ਆਪਣੇ ਹੀ ਬੰਨੀ ਰੱਖ, ਕਹਿੰਦੇ " ਹੱਥ ਤੇ ਬੱਨੀਂ - ਦਿਲ ਤੇ ਬਣੀ ਇੱਕੋ ਗੱਲ ਹੈ" ਦਿਲ ਤੇ ਤਾਂ ਉਸ ਸਮੇ ਬਣ ਚੁਕੀ ਸੀ. ਗੁਰਦਾਸ ਜੀ ਨੇ ਫੇਰ ਮਿਨ੍ਨਤ ਕੀਤੀ ਤਾਂ ਸਾਂਈ ਜੀ ਨੇ ਕਿਹਾ ਠੀਕ ਹੈ ਫੇਰ ਬੱਨ ਲੇਨੇ ਹਾਂ, ਭਗਤ ਕੀ ਬੱਨੀਂ ਫੇਰ ਗੁਰੂ ਕਿਵੇਂ ਛੁੜਾਏ.

“ਬੇ ਪੀਰੇ ਦਾ ਜੰਮਣ ਤੇ ਮਰਣ ਕੋਈ ਨਹੀਂ, ਉਸਦੀ ਬੰਦਗੀ ਵੀ ਕਿਸੇ ਕਾਰ ਦੀ ਨਹੀਂ । ਸੌਂਹ ਰੱਬ ਦੀ ਵਲੀ ਨੀ ਹੋ ਸਕਦਾ, ਜਦ ਤਕ ਲੱਗਦੀ ਮੋਹਰ ਸਰਕਾਰ ਦੀ ਨਹੀਂ”

ਗੁਰਦਾਸ ਜੀ ਜਦੋਂ ਵੀ ਅਪਣੀ ਪਤਨੀ ਮਨਜੀਤ ਜੀ ਨਾਲ ਦਰਬਾਰ ਆਉਂਦੇ ਤਾਂ ਸਾਈਂ ਜੀ ਅਕਸਰ ਕਹਿੰਦੇ "ਚੰਡੀਗੜ੍ਹ ਕੋਠੀ ਪਾਦੇ ਪਿੰਡਾਂ ਵਿੱਚ ਉੱਡਦੀ ਧੂੜ"। ਗੁਰਦਾਸ ਜੀ ਉਸ ਵੇਲੇ ਪਟਿਆਲੇ ਕਿਰਾਏ ਦੇ ਘਰ ਵਿੱਚ ਰਹਿੰਦੇ ਸੀ , ਪਰ ਉਨ੍ਹਾਂ ਨੂੰ ਸਮਝ ਨੀ ਆਉਂਦਾ ਸੀ ਕਿ ਸਾਈਂ ਜੀ ਇਹ ਕਿਉਂ ਕਹਿੰਦੇ ਨੇ। ਫੇਰ ਇੱਕ ਦਿਨ ਸਾਈਂ ਜੀ ਨੇ ਉਨ੍ਹਾਂ ਨੂੰ ਕੋਲ ਬਿਠਾਇਆ, ਇੱਕ ਕਾਗਜ਼ ਮੰਗਾਇਆ ਉਸਤੇ ਲਿੱਖਿਆ "ਗੁਰਦਾਸ ਮਾਨ ਰੇਸੀਡੇੰਟ ਔਫ ਚੰਡੀਗੜ੍ਹ, ਨੈਸ਼ਨਲ ਅਵਾਰਡ ਵਿੰਨਰ, ਸਾਹਿਲ ਕਿਨਾਰਾ "। ਤੇ ਉਨ੍ਹਾਂ ਨੂੰ ਦੇ ਦਿੱਤਾ, ਉਸ ਵੇਲੇ ਕੋਈ ਚੀਜ਼ ਹਾਸਿਲ ਨਹੀਂ ਸੀ, ਪਰ ਉਹ ਕਾਗਜ਼ ਨਹੀਂ ਇੱਕ ਅਸ਼ੀਰਵਾਦ ਸੀ, ਫ਼ਿਰ ਕੁੱਛ ਸਾਲ ਬਾਅਦ ਗੁਰਦਾਸ ਜੀ ਦਾ ਮਨ ਬਣਿਆ ਕਿ ਇੱਕ ਘਰ ਲਿਆ ਜਾਵੇ, ਉਨ੍ਹਾਂ ਲੱਭਣਾ ਸ਼ੁਰੂ ਕੀਤਾ ਤੇ ਉਨ੍ਹਾਂ ਨੂੰ ਚੰਡੀਗੜ੍ਹ ਵਿੱਚ ਇੱਕ ਕੋਠੀ ਪਸੰਦ ਆਈ , ਉਨ੍ਹਾਂ ਸਾਈਂ ਜੀ ਨੂੰ ਪੁੱਛਿਆ ਕਿ ਇੱਕ ਕੋਠੀ ਮਿਲਦੀ ਹੈ, ਸਾਈਂ ਜੀ ਬੋਲੇ ਫੇਰ ਲੈ ਲਾਓ। ਬਾਬਾ ਜੀ ਨੇ ਆਪਣੀ ਜੇਬ ਵਿੱਚੋਂ ਰੁੱਗ ਭਰਕੇ ਪੈਸੇ ਦਿੱਤੇ , ਜਿਸਨੂੰ ਗੁਰ ਪ੍ਰਸਾਦ ਕਿਹਾ ਜਾਂਦਾ ਹੈ, ਉਸ ਕੋਠੀ ਦਾ ਨਾਮ ਸੀ ਸਾਹਿਲ ਕਿਨਾਰਾ, ਜਿਸਦਾ ਮਤਲਬ ਗੁਰਦਾਸ ਜੀ ਨੂੰ ਬਾਦ ਵਿੱਚ ਸਮਝ ਆਇਆ ਕਿ ਚੰਡੀਗੜ੍ਹ ਕੋਠੀ ਪਾਦੇ ਪਿੰਡਾਂ ਵਿੱਚ ਉੱਡਦੀ ਧੂੜ ਦਾ ਮਤਲਬ ਕੀ ਸੀ । ਤੇ ਕੁੱਛ ਸਮੇਂ ਬਾਦ ਉਨ੍ਹਾਂ ਨੂੰ ਨੈਸ਼ਨਲ ਅਵਾਰਡ ਨਾਲ ਵੀ ਨਵਾਜ਼ਿਆ ਗਿਆ ।

“ਖ਼ਸ ਖ਼ਸ ਜਿੰਨਾ ਕਦਰ ਨਾ ਮੇਰੀ, ਮੇਰੇ ਸਾਹਿਬ ਹੱਥ ਵਡਿਆਈਆਂ, ਮੈਂ ਗਲੀਆਂ ਦਾ ਰੂੜਾ-ਕੂੜਾ ਮੈਨੂੰ ਮਹਿਲ ਚੜ੍ਹਾਇਆ ਸਾਈਆਂ”

ਨਕੋਦਰ ਦੀ ਇੱਕ ਦੁਕਾਨ ਦਾ ਕਿੱਸਾ ਹੈ ਕਿ ਸਾਈਂ ਜੀ ਭੱਜੇ ਭੱਜੇ ਗਏ ਸੀ ਉਸ ਦੁਕਾਨ ਤੇ, ਦੁਕਾਨ ਵਾਲੇ ਉੱਠ ਕੇ ਖੜੇ ਹੋ ਗਏ ਕਿ ਸਾਈਂ ਜੀ ਆਏ ਨੇ, ਸਾਈਂ ਜੀ ਕਦੀ ਇੱਧਰ ਜਾਣ, ਕਦੀ ਉੱਧਰ ਜਾਣ, ਫੇਰ ਕਹਿੰਦੇ "ਠੀਕ ਹੈ, ਹੋ ਗਈ ਗੱਡੀ ਸਿੱਧੀ, ਹੋ ਗਈ ਗੱਡੀ ਸਿੱਧੀ", ਫੇਰ ਵਾਪਿਸ ਚਲੇ ਗਏ । ਦੁਕਾਨ ਵਾਲਿਆਂ ਨੂੰ ਸਮਝ ਨਹੀਂ ਆਇਆ ਕਿ ਸਾਈਂ ਜੀ ਭੱਜੇ ਭੱਜੇ ਕਿਓਂ ਆਏ ਸੀ ਤੇ ਕੀ ਕਹਿ ਕੇ ਚਲੇ ਗਏ । ਥੋੜੀ ਦੇਰ ਬਾਦ ਉਸ ਦੁਕਾਨਦਾਰ ਦੀ ਬੇਟੀ ਤੇ ਜਵਾਈ ਦਾ ਅਮਰੀਕਾ ਤੋਂ ਫੋਨ ਆਇਆ ਤੇ ਕਹਿੰਦੇ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋਇਆ ਸੀ ਤੇ ਗੱਡੀ ਨੇ 6 ਪਲਟੀਆਂ ਖਾਦੀਆਂ ਤੇ ਸੱਤਵੀਂ ਵਿੱਚ ਆਪਣੇ ਆਪ ਸਿੱਧੀ ਹੋ ਗਈ, ਕਹਿੰਦੇ ਇੱਕ ਖਰੋਚ ਵੀ ਨੀ ਆਈ । ਉਸ ਦੁਕਾਨਦਾਰ ਦੀ ਅੱਖਾਂ ਵਿੱਚ ਹੰਜੂ ਆ ਗਏ ਤੇ ਸਾਈਂ ਜੀ ਦਾ ਮੰਨ ਵਿੱਚ ਸ਼ੁਕਰਾਨਾ ਕੀਤਾ । ਸਾਈਂ ਜੀ ਨੇ ਜਿਸ ਨੂੰ ਵੀ ਦਿੱਤਾ ਝੋਲੀਆਂ ਭਰ ਕੇ ਹੀ ਦਿੱਤਾ ਹੈ। ਸਾਈਂ ਜੀ ਦੇ ਭਤੀਜੇ ਇੰਗਲੈਂਡ ਵਿੱਚ ਰਹਿੰਦੇ ਨੇ ਤੇ ਓਹਨਾ ਸਾਈਂ ਜੀ ਨੂੰ ਵੀ ਆਉਂਣ ਦਾ ਸੱਦਾ ਦਿੱਤਾ। ਇੱਕ ਵਾਰ ਸਾਈਂ ਜੀ ਓਹਨਾ ਕੋਲ ਇੰਗਲੈਂਡ ਗਏ ਹੋਏ ਸੀ, ਨੁਸਰਤ ਫਤਿਹ ਅਲੀ ਖਾਨ (ਪਾਕਿਸਤਾਨ ਦੇ ਪ੍ਰਸਿੱਧ ਸੂਫੀ ਕੱਵਾਲ਼) ਵੀ ਉੱਥੇ ਆਏ ਹੋਏ ਸੀ । ਸਾਈਂ ਜੀ ਨੇ ਉਸ ਕੋਲ ਸੁਨੇਹਾ ਭੇਜਿਆ ਕਿ ਅਸੀਂ ਕ਼ਵਾੱਲੀ ਸੁਣਨੀ ਹੈ , ਨੁਸਰਤ ਨੇ ਕਾਫੀ ਪੈਸੇ ਮੰਗ ਲਏ ਤੇ ਕਿਹਾ ਮੈਂ ਇਸ ਤੋਂ ਘੱਟ ਨਹੀਂ ਲੈਣੇ। ਸਾਈਂ ਜੀ ਨੇ ਕਿਹਾ "ਠੀਕ ਹੈ ਦੇ ਦਵਾਂਗੇ ਤੁਸੀਂ ਆ ਜਾਓ "। ਜਦੋਂ ਨੁਸਰਤ ਗਾਉਣ ਲੱਗਾ ਤਾਂ ਸਾਈਂ ਜੀ ਨੇ ਉਸ ਉੱਤੋਂ ਇੰਨ੍ਹੇ ਪਾਉਂਡ ਸਿੱਟੇ ਕਿ ਨੁਸਰਤ ਗੋਡਿਆਂ ਤੱਕ ਭਰ ਗਿਆ। ਜਦੋ ਪ੍ਰੋਗਰਾਮ ਖਤਮ ਹੋਇਆ ਤਾਂ ਸਾਈਂ ਜੀ ਨੇ ਪੈਸੇ ਕੱਡੇ ਤੇ ਜਿੰਨ੍ਹੇ ਨੁਸਰਤ ਨੇ ਮੰਗੇ ਸੀ ਉਹ ਵੀ ਦੇਂਦਿਆਂ ਕਿਹਾ "ਇਹ ਲੈ ਤੇਰੀ ਫੀਸ ", ਨੁਸਰਤ ਹੱਥ ਬੰਨ ਕੇ ਖੜਾ ਹੋ ਗਿਆ, ਕਹਿੰਦਾ ਬਾਬਾ ਜੀ ਤੁਸੀਂ ਬਹੁਤ ਦੇ ਦਿੱਤਾ, ਮੇਰੇ ਕੋਲ ਤਾਂ ਏਨੀਆਂ ਗੱਠੜੀਆਂ ਹੀ ਨੀ ਹੈਗੀਆਂ ਇੰਨੇ ਪੈਸੇ ਬੰਨਣ ਲਈ , ਬੱਸ ਕਰੋ ਬਖਸ਼ੋ । ਤੇ ਜਦੋਂ ਵੀ ਨੁਸਰਤ ਨੂੰ ਕੋਈ ਪੰਜਾਬ ਦਾ ਕੱਵਾਲ਼ ਮਿਲਦਾ ਕਿਸੇ ਮੁੱਲਕ਼ ਵਿੱਚ, ਤਾਂ ਉਹ ਸਾਈਂ ਜੀ ਦਾ ਜ਼ਿਕਰ ਜਰੂਰ ਕਰਦਾ ਕਿ ਅੱਜ ਦੇ ਜ਼ਮਾਨੇ ਵਿੱਚ ਇੱਦਾਂ ਦੇ ਫ਼ਕੀਰ ਨਹੀਂ ਦੇਖੇ । ਫੱਕਰ ਮੰਗਿਆ ਕੁੱਛ ਨਹੀਂ ਦੇਂਦੇ, ਬਿਨ ਮੰਗਿਆ ਸਬ ਕੁੱਛ ਦੇ ਦਿੰਦੇ ਨੇ ।

“ਤੇਰੇ ਕਰਮ ਨੇ ਨਵਾਜ਼ਾ ਹੈ ਖਿਆਲ ਸੇ ਪਹਿਲੇ, ਭਰੀ ਹੈਂ ਝੋਲੀਆਂ ਸਵਾਲ ਸੇ ਪਹਿਲੇ”

ਸਾਂਈ ਜੀ ਜਿਆਦਾਂ ਤਰ ਵਕ਼ਤ ਹੀਰ ਪਰ੍ਹਦੇ ਹੁੰਦੇ ਸੀ. ਵਾਰਿਸ ਸ਼ਾਹ ਜੀ ਓਹ ਫਕ਼ੀਰ ਸਨ ਜਿਨ੍ਹਾਂ ਨੇ ਹੀਰ ਗਰੰਥ ਲਿਖਿਆ ਸੀ, ਜਿਸਨੂੰ ਹਰ ਫਕ਼ੀਰ ਨੇ ਪੜ੍ਹਿਆ, ਜਿਸ ਵਿੱਚ ਸੱਚੇ ਇਸ਼ਕ਼ ਦੇ ਜ਼ਰੀਏ ਸਿੱਧਾ ਰੱਬ ਨਾਲ ਜੁੜਦੀ ਤਾਰ ਦੀ ਗੱਲ ਕੀਤੀ ਗਈ ਹੈ. ਇੱਕ ਵਾਰ ਸਾਂਈ ਜੀ ਨੇ ਹੀਰ ਦੀ ਇੱਕ ਕਿਤਾਬ ਗੁਰਦਾਸ ਮਾਨ ਜੀ ਨੂੰ ਦਿੱਤੀ, ਜਿਸਦੇ ਪਿਹਲੇ ਬਰਕੇ ਤੇ ਉਨ੍ਹਾਂ ਨੇ ਲਿਖਿਆ ਸੀ "ਬਾਬਾ ਮੁਰਾਦ ਸ਼ਾਹ ਜੀ ਕੀ ਅਪਾਰ ਕ੍ਰਿਪਾ ਰਹੇਗੀ - ਸੇਵਾਦਾਰ ਗੁਲਾਮ" ਸਾਂਈ ਜੀ ਆਪਣੇ ਆਪ ਨੂੰ ਗੁਲਾਮ ਲਿਖਦੇ ਸੀ. ਸਾਈਂ ਜੀ ਨੇ ਮਾਨ ਸਾਹਬ ਨੂੰ ਕਿਤਾਬ ਦੇਕੇ ਕਿਹਾ "ਇਸਨੂੰ ਵਿੱਚੋਂ ਵਿੱਚੋਂ ਪੜ੍ਹੀਂ, ਕਿਉਂ ਕਿ ਜਿਸਨੇ ਪੜ੍ਹਲੀ ਹੀਰ ਓਹ ਹੋਗਏ ਫਕ਼ੀਰ" ਫੇਰ ਇੱਕ ਦਿਨ ਗੁਰਦਾਸ ਜੀ ਰਿਆਜ਼ ਕਰ ਰਹੇ ਸੀ, ਗੁਰਦਾਸ ਮਾਨ ਜੀ ਜਿਆਦਾਂ ਤਰ ਹੀਰ ਹੀ ਗਾਉਂਦੇ ਨੇ ਰਿਆਜ਼ ਵੇਲੇ, ਤਾਂ ਮਨਜੀਤ ਮਾਨ ਜੀ ਦਾ ਫੋਨ ਆਇਆ ਤੇ ਪੁੱਛਿਆ ਅਸੀਂ ਫਿਲਮ ਵਾਰਿਸ ਸ਼ਾਹ ਬਣਾ ਦੀਏ. ਗੁਰਦਾਸ ਮਾਨ ਜੀ ਨੇ ਦੇਖਿਆ ਉਨ੍ਹਾਂ ਦੇ ਹੱਥ ਵਿੱਚ ਹੀਰ ਦੀ ਕਿਤਾਬ ਖੁੱਲੀ ਸੀ ਜਿਸ ਵਿੱਚ ਉਸ ਸਮੇ ਓਹੀ ਬਰਕਾ ਖੁੱਲਿਆ ਹੋਇਆ ਸੀ ਜਿਸਤੇ ਲਿਖਿਆ ਸੀ "ਬਾਬਾ ਮੁਰਾਦ ਸ਼ਾਹ ਜੀ ਕੀ ਅਪਾਰ ਕ੍ਰਿਪਾ ਰਹੇਗੀ - ਸੇਵਾਦਾਰ ਗੁਲਾਮ" ਗੁਰਦਾਸ ਮਾਨ ਜੀ ਓਹ ਇਸ਼ਾਰਾ ਸਮਜ਼ ਗਏ ਕਿ ਇਹ ਗੁਰੂ ਦਾ ਆਸ਼ੀਰਵਾਦ ਹੈ, ਤੇ ਕਿਹਾ ਮਨਜੀਤ ਸ਼ੁਰੂ ਕਰਦੋ.

ਫਿਰ ਇੱਕ ਦਿਨ ਫਿਲਮ ਲਈ "ਹੀਰ ਦੇ ਬੈਂਤ" ਰਿਕਾਰਡ ਕਰਨੇ ਸੀ ਚੰਡੀਗੜ੍ਹ, ਜਿਸ ਲਈ ਸਵੇਰੇ 11 ਵਜੇ ਦਾ ਸਮਾਂ ਸੁਨਿਸ਼ਚਿਤ ਕੀਤਾ ਗਿਆ, ਗੁਰਦਾਸ ਜੀ ਸਾਰਿਆਂ ਨੂੰ ਬਿਨਾ ਦੱਸੇ ਸਵੇਰੇ ਨਕੋਦਰ ਚਲੇ ਗਏ ਸਾਂਈ ਜੀ ਕੋਲ, ਪਿੱਛੇ ਸਾਰਿਆਂ ਨੂੰ ਗੁੱਸਾ ਚੜ ਗਿਆ ਕਿਓਂ ਕਿ ਪਹਿਲਾਂ ਰਿਹਰ੍ਸਲ ਹੋਣੀ ਸੀ ਫੇਰ ਰਿਕਾਰਡਿੰਗ ਹੋਣੀ ਸੀ. ਤੇ ਸਾਂਈ ਜੀ ਸਬ ਕੁੱਛ ਜਾਣਦੇ ਸੀ, ਜਦੋਂ ਗੁਰਦਾਸ ਜੀ ਸਾਂਈ ਜੀ ਕੋਲ ਪਹੁੰਚੇ ਤਾਂ ਸਾਂਈ ਜੀ ਨੇ ਕਿਹਾ "ਗੁਰਦਾਸ ਫਕ਼ੀਰ ਓਹ ਹੁੰਦਾ, ਜੋ ਚਾਹੇ ਸੋ ਕਰੇ ਤੇ ਜੋ ਚਾਹੇ ਸੋ ਕਰਾਵੇ" ਗੁਰਦਾਸ ਜੀ ਨੇ ਆਸ਼ੀਰਵਾਦ ਲਿਆ ਤੇ ਚੰਡੀਗੜ੍ਹ ਪਹੁੰਚੇ, ਉਨ੍ਹਾਂ ਨੂੰ ਰਿਹਰ੍ਸਲ ਲਈ ਕਿਹਾ, ਤੇ ਬਰਕੇ ਦਿੱਤੇ ਜਿੱਥੋਂ ਦੇਖ ਕੇ ਰਿਕਾਰਡਿੰਗ ਕਰਨੀ ਸੀ, ਗੁਰਦਾਸ ਮਾਨ ਜੀ ਨੇ ਬਿਨਾ ਰਿਹਰ੍ਸਲ, ਬਿਨਾ ਬਰਕੇ ਪੜ੍ਹੇ ਸਾਰੀ ਰਿਕਾਰਡਿੰਗ ਕਰ ਦਿੱਤੀ ਸਬ ਦੇਖ ਕੇ ਹੈਰਾਨ ਹੋ ਗਏ ਕਿ ਉਨ੍ਹਾਂ ਬਿਨਾ ਦੇਖੇ ਸਾਰੀ ਹੀਰ ਰਿਕਾਰਡ ਕਰ ਦਿੱਤੀ, ਤੇ ਜੋ ਗਾਇਆ ਉਸਨੂੰ ਦੁਬਾਰਾ ਗਾਉਣ ਦੀ ਲੋੜ ਨਹੀਂ ਪਈ. ਇੱਕ ਤਰ੍ਹਾਂ ਨਾਲ ਸਾਰੀ ਹੀਰ ਹੀ ਯਾਦ ਕਰਵਾ ਦਿੱਤੀ ਸੀ ਸਾਂਈ ਜੀ ਨੇ. ਫੇਰ ਜਦੋਂ ਫਿਲਮ ਬਣ ਗਈ ਸਬ ਕੁੱਛ ਹੋਗਿਆ ਤਾਂ ਸਾਂਈ ਜੀ ਨੇ ਕਿਹਾ "ਗੁਰਦਾਸ ਇੰਨੇ ਵੱਡੇ ਫਕ਼ੀਰ ਦੀ ਯਾਦਗਾਰ ਬਣਾ ਦੇਣਾ ਵੀ ਬਹੁਤ ਵੱਡੀ ਬਾਤ ਹੈ, ਰੱਬ ਤੇਰੇ ਤੇ ਕਿਰਪਾ ਕਰੇ”

“ਕੱਚਾ ਰੰਗ ਲਲਾਰੀ ਵਾਲਾ ਜਿਹੜਾ ਚੜ੍ਹਦਾ ਲਹਿੰਦਾ ਰਹਿੰਦਾ, ਪੱਕਾ ਰੰਗ ਮੇਰੇ ਸਾਈਂ ਵਾਲਾ ਜਿਹੜਾ ਚੜ੍ਹਿਆ ਕਦੇ ਨਾ ਲਹਿੰਦਾ”

ਜਿੰਨਾ ਪਿਆਰ ਸਾਈਂ ਜੀ ਸਾਰਿਆਂ ਨੂੰ ਕਰਦੇ ਨੇ ਉਨ੍ਹਾਂ ਹੀ ਪਿਆਰ ਸਾਈਂ ਜੀ ਨੂੰ ਮੰਨਣ ਵਾਲੇ ਵੀ ਉਨ੍ਹਾਂ ਨੂੰ ਕਰਦੇ ਨੇ। ਇੱਕ ਵਾਰ ਇੱਕ ਗਰੀਬ ਔਰਤ ਸਾਈਂ ਜੀ ਲਈ ਕੰਬਲ ਲੈਕੇ ਆਈ, ਸਾਈਂ ਜੀ ਨੇ ਕਿਹਾ "ਵਾਪਿਸ ਲੈਜਾ ਨਹੀਂ ਲੈਣਾ" ਉਹ ਔਰਤ ਕੰਬਲ ਵਾਪਿਸ ਲੈ ਕੇ ਘਰ ਚਲੀ ਗਈ। ਇੱਕ ਮੁਰੀਦ ਨੇ ਸਾਈਂ ਜੀ ਨੂੰ ਪੁੱਛਿਆ ਕਹਿੰਦਾ "ਸਾਈਂ ਜੀ ਉਹ ਔਰਤ ਇੰਨੀ ਸ਼ਰਧਾ ਨਾਲ ਆਈ ਸੀ। ਤੁਸੀਂ ਉਸਦਾ ਕੰਬਲ ਸਵੀਕਾਰ ਕਿਓਂ ਨਹੀਂ ਕੀਤਾ"? ਸਾਈਂ ਜੀ ਕਹਿੰਦੇ "ਉਸਦੇ ਆਪਣੇ ਬੱਚੇ ਠੰਡ ਵਿੱਚ ਸੌਂਦੇ ਨੇ ਤੇ ਸਾਡੇ ਵਾਸਤੇ ਕੰਬਲ ਲੈ ਕੇ ਆਈ ਸੀ। ਮੈਂ ਕਿੱਦਾਂ ਲੈ ਸੱਕਦਾ ਸੀ"। ਸਾਈਂ ਜੀ ਦਾ ਮੁਰਾਦਾਂ ਵੰਡਣ ਦਾ ਵੀ ਆਪਣਾ ਹੀ ਇੱਕ ਅੰਦਾਜ਼ ਸੀ, ਹਮੇਸ਼ਾ ਕੋਈ ਛੋਟਾ ਜਿਹਾ ਬਹਾਨਾ ਬਣਾ ਕੇ ਲੋਕਾਂ ਨੂੰ ਬਹੁਤ ਕੁੱਛ ਦੇ ਦਿੰਦੇ ਸੀ। ਅੱਜ ਦੇ ਜ਼ਮਾਨੇ ਵਿੱਚ ਲੋਕ ਕੁੱਛ ਲੈਣ ਲਈ ਬਹਾਨੇ ਬਣਾਉਂਦੇ ਨੇ, ਅਤੇ ਸਾਈਂ ਜੀ ਦੇਣ ਲਈ ਕੋਈ ਬਹਾਨਾ ਬਣਾ ਦੇਂਦੇ ਸੀ। ਬਹੁਤ ਪੁਰਾਣੀ ਗੱਲ ਹੈ, (ਪੰਜਾਬੀ ਸਿੰਗਰ) ਸਰਦੂਲ ਸਿਕੰਦਰ ਜੀ ਨੂੰ ਇੱਕ ਪੁੱਤਰ ਦੀ ਬਹੁਤ ਸਮੇਂ ਤੋਂ ਉਡੀਕ ਸੀ। ਇੱਕ ਵਾਰ ਉਹ ਅਮਰੀਕਾ ਤੋਂ ਬਾਬਾ ਮੁਰਾਦ ਸ਼ਾਹ ਜੀ ਦੀ ਫੋਟੋ ਛਪਾ ਕੇ ਦੋ ਕੱਪ ਲੈਕੇ ਆਏ, ਜੋ ਪਹਿਲਾਂ ਭਾਰਤ ਵਿੱਚ ਨਹੀਂ ਬਣਦੇ ਸੀ। ਇੱਕ ਕੱਪ ਉਨ੍ਹਾਂ ਸਾਈਂ ਜੀ ਨੂੰ ਦਿੱਤਾ ਤੇ ਇੱਕ ਆਪ ਰੱਖ ਲਿਆ। ਸਾਈਂ ਜੀ ਨੇ ਇੱਕ ਦਿਨ ਸਰਦੂਲ ਜੀ ਨੂੰ ਫੋਨ ਕੀਤਾ, ਕਹਿੰਦੇ “ਸਰਦੂਲ, ਯਾਰ ਉਹ ਕੱਪ ਤਾਂ ਕੋਈ ਚੱਕ ਕੇ ਹੀ ਲੈ ਗਿਆ, ਜਿਹੜਾ ਕੱਪ ਤੇਰੇ ਕੋਲ ਹੈ ਉਹ ਦੇ ਜਾਵੀਂ, ਸਰਦੂਲ ਜੀ ਕਹਿੰਦੇ " ਸਾਈਂ ਜੀ ਪਤਾ ਨਹੀਂ ਕਦ ਦੁਬਾਰਾ ਅਮਰੀਕਾ ਜਾ ਹੋਣਾ, ਪਤਾ ਨੀ ਕਦੋਂ ਕੱਪ ਹੋਰ ਲਿਆ ਹੋਣਾ। ਸਾਈਂ ਜੀ ਕਹਿੰਦੇ “ਅਸੀਂ ਕਿਹੜਾ ਮੁਫ਼ਤ ਮੰਗਦੇ ਹਾਂ, ਕੱਪ ਦੇ ਜਾਵੀਂ ਤੇ ਮੁੰਡਾ ਲੈ ਜਾਵੀਂ ”। ਸਰਦੂਲ ਜੀ ਅਕਸਰ ਮਜ਼ਾਕ ਵਿੱਚ ਆਪਣੇ ਮੁੰਡੇ ਵੱਲ ਇਸ਼ਾਰਾ ਕਰਕੇ ਦੱਸਦੇ ਨੇ, ਕਿ ਇਹ ਕੱਪ ਦੇ ਬਦਲੇ ਮਿਲਿਆ ਹੋਇਆ ਹੈ ਕੱਪ ਵਰਗਾ ਮੁੰਡਾ।

ਹਰ ਇਨਸਾਨ ਦੀ ਤਕਦੀਰ ਮਾਲਕ ਨੇ ਪਹਿਲਾਂ ਹੀ ਲਿਖੀ ਹੋਈ ਹੈ, ਜਿਸ ਵਿੱਚ ਪੁਰਾਣੇ ਜਨਮਾਂ ਦਾ ਤੱਪ ਵੀ ਮਿਲਿਆ ਹੁੰਦਾ ਹੈ। ਫ਼ਕੀਰੀ ਤਾਂ ਸਾਈਂ ਜੀ ਦੀ ਪਿੱਛਲੇ ਕਈ ਜਨਮਾਂ ਤੋਂ ਚੱਲਦੀ ਆ ਰਹੀ ਸੀ। ਗੁਰਦਾਸ ਜੀ ਦੇ ਜੁੜਨ ਦਾ ਵੀ ਸਾਈਂ ਜੀ ਨੂੰ ਪਹਿਲਾਂ ਹੀ ਪਤਾ ਸੀ। ਗੁਰਦਾਸ ਜੀ ਬੱਚਪਨ ਤੋਂ ਹੀ ਰੱਬ ਵਿੱਚ ਬਹੁਤ ਯਕੀਨ ਰੱਖਣ ਵਾਲੇ ਤੇ ਰੱਬ ਨੂੰ ਮੰਨਣ ਵਾਲੇ ਇਨਸਾਨ ਸੀ, ਤੇ ਬਿਨਾ ਪਾਠ ਕੀਤੇ ਰੋਟੀ ਨਹੀਂ ਖਾਂਦੇ ਸੀ। ਜਦੋਂ ਸਕੂਲ ਵਿੱਚ ਗਏ ਤਾਂ ਉਦੋਂ ਵੀ ਉਨ੍ਹਾਂ ਨੂੰ ਸੰਗੀਤ ਦਾ ਬਹੁਤ ਸ਼ੌਂਕ ਸੀ ਤੇ ਟੇਬਲ ਦੇ ਉੱਪਰ ਹੀ ਕੁੱਛ ਨਾ ਕੁੱਛ ਬਜਾਉਂਦੇ। ਕਾਲਜ ਵਿੱਚ ਉਨ੍ਹਾਂ ਨੇ ਡਫਲੀ ਖਰੀਦੀ, ਫੇਰ ਉਸ ਨਾਲ ਜਿਹੜੇ ਗੀਤ ਉਨ੍ਹਾਂ ਕਾਲਜ ਵੇਲੇ ਲਿਖੇ ਸੀ ਉਹ ਗਾਉਂਦੇ ਰਹਿੰਦੇ ਜਿਵੇਂ, "ਸੱਜਣਾ ਵੇ ਸੱਜਣਾ " ਤੇ "ਪੀੜ ਤੇਰੇ ਜਾਣ ਦੀ"। ਗੁਰਦਾਸ ਜੀ ਦੀ ਜਿੰਦਗੀ ਦਾ ਇੱਕ ਸੁਨੰਣ ਵਾਲਾ ਕਿੱਸਾ ਹੈ, ਇੱਕ ਵਾਰ ਉਨ੍ਹਾਂ ਦੇ ਕਾਲਜ ਦਾ ਇੱਕ ਟਰਿੱਪ ਪਿੰਜੋਰ ਗਿਆ ਜਿੱਥੇ ਜਾ ਕੇ ਸਬ ਨੇ ਉਨ੍ਹਾਂ ਨੂੰ ਗਾਉਣ ਦੀ ਫ਼ਰਮਾਇਸ਼ ਕੀਤੀ , ਉਨ੍ਹਾਂ ਆਪਣੀ ਡਫਲੀ ਚੁੱਕੀ ਤੇ ਗਾਉਣਾ ਸ਼ੁਰੂ ਕਰ ਦਿੱਤਾ, ਉੱਥੇ ਦਿੱਲੀ ਤੋਂ ਇੱਕ ਬਰਾਤ ਦੀ ਬੱਸ ਵੀ ਆਈ ਹੋਈ ਸੀ। ਉਹ ਵੀ ਉਨ੍ਹਾਂ ਨੂੰ ਸੁਨਣ ਲੱਗ ਪਾਏ ਤੇ ਸੱਬ ਨੇ ਉਨ੍ਹਾਂ ਨੂੰ ਕੁੱਛ ਨਾ ਕੁੱਛ ਪੈਸੇ ਦਿੱਤੇ ਤੇ ਉਨ੍ਹਾਂ ਦੀਆਂ ਜੇਬਾਂ ਭਰ ਦਿੱਤੀਆਂ। ਫੇਰ ਸਾਰੇ ਅੱਗੇ ਨੂੰ ਤੁਰ ਪਏ। ਗੁਰਦਾਸ ਜੀ ਕੱਲੇ ਬੈਠ ਗਏ ਤੇ ਆਪਣਾ ਸਮਾਨ ਤੇ ਡਫਲੀ ਬੈਗ ਵਿੱਚ ਪਾਉਣ ਲੱਗੇ, ਤਾਂ ਇੱਕ ਫ਼ਕੀਰ ਨੇ ਆਵਾਜ਼ ਮਾਰੀ ਤੇ ਗਾ ਕੇ ਬੋਲਿਆ "ਕਿਉਂ ਦੂਰ ਦੂਰ ਰਹਿੰਦੇ ਹੋ ਹਜ਼ੂਰ ਮੇਰੇ ਕੋਲੋਂ, ਦੱਸ ਹੋਇਆ ਕੀ ਕਸੂਰ ਮੇਰੇ ਕੋਲੋਂ "। ਗੁਰਦਾਸ ਜੀ ਉੱਥੇ ਹੀ ਖੜ ਗਏ। ਉਸਦੇ ਕੋਲ ਗਏ ਤੇ ਜੋ ਵੀ ਉਨ੍ਹਾਂ ਦੀ ਜੇਬ ਵਿੱਚ ਸੀ, ਉਨ੍ਹਾਂ ਦੇ ਚਰਨਾਂ ਵਿੱਚ ਢੇਰੀ ਕਰਤਾ, ਫ਼ਕੀਰ ਨੂੰ ਉਨ੍ਹਾਂ ਦੇ ਅੰਦਰ ਦੀ ਸੁੱਚਮਤਾ ਦਾ ਇਹਸਾਸ ਹੋਇਆ, ਤੇ ਬੋਲਿਆ “ਦਿਲ ਕੇ ਬਾਜ਼ਾਰ ਮੈਂ ਦੌਲਤ ਨਹੀਂ ਦੇਖੀ ਜਾਤੀ, ਪਿਆਰ ਹੋ ਜਾਏ ਤੋ ਸੂਰਤ ਨਹੀਂ ਦੇਖੀ ਜਾਤੀ, ਇੱਕ ਤਬਸੱਮ ਪੇ ਨਿਛਾਵਰ ਕਰੂੰ ਦੋਨੋ ਜਹਾਨ, ਮਾਲ ਅੱਛਾ ਹੋ ਤੋ ਕੀਮਤ ਨਹੀਂ ਦੇਖੀ ਜਾਤੀ”। ਫੇਰ ਬੋਲਿਆ “ਚੱਕ ਕੇ ਜੇਬ ਵਿੱਚ ਪਾਲੇ, ਜਾ ਤੈਨੂੰ ਰਹਿਮਤਾਂ ਦਿੱਤੀਆਂ, ਜਾ ਤੈਨੂੰ ਬਰਕਤਾਂ ਦਿੱਤੀਆਂ।”ਸੋ ਉਨ੍ਹਾਂ ਪੀਰਾਂ ਫ਼ਕੀਰਾਂ ਦਾ ਅਸ਼ੀਰਵਾਦ ਹੀ ਸੀ ਕਿ ਉਨ੍ਹਾਂ ਨੂੰ ਰੱਬ ਵਰਗਾ ਮੁਰਸ਼ਦ ਮਿਲਿਆ, ਫ਼ਕੀਰੀ ਮਿਲੀ, ਨਾਮ ਮਿਲਿਆ ਤੇ ਸ਼ੋਹਰਤ ਮਿਲੀ ।

“ਤੇਰੇ ਘਰ ਕਾ ਪਤਾ ਖੋਜਨੇ ਵਾਲੇ ਖੁਦ ਲਾਪਤਾ ਹੋਗਏ ਦੇਖਤੇ ਦੇਖਤੇ, ਕਲ ਜਿਨਕੇ ਮੁਕੱਦਰ ਮੇਂ ਕੁੱਛ ਵੀ ਨਾ ਥਾ ਬਾਦਸ਼ਾਹ ਹੋ ਗਏ ਦੇਖਤੇ ਦੇਖਤੇ“

ਕੋਈ ਵਿਰਲਾ ਹੀ ਲੱਖਾਂ ਚੋਂ ਇੱਕ ਪੱਕਾ ਮੁਰੀਦ ਬਣਦਾ ਗੁਰੂ ਦਾ, ਜਿਸ ਤਰ੍ਹਾਂ ਗੁਰਦਾਸ ਮਾਨ ਜੀ ਨੇ ਬਣ ਕੇ ਦਿਖਾਇਆ ਤੇ ਨਿਭਾਇਆ ਵੀ. ਇੱਕ ਵਾਰ ਦੀ ਗੱਲ ਹੈ, ਗੁਰਦਾਸ ਜੀ ਸਾਂਈ ਜੀ ਕੋਲ ਬੈਠੇ ਸੀ, ਉਸ ਵੇਲੇ ਉਨ੍ਹਾਂ ਦਾ ਬੂਟ ਪੋਲਿਸ਼ਾਂ ਵਾਲਾ ਗਾਣਾ ਬਹੁਤ ਮਸ਼ਹੂਰ ਹੋਇਆ ਸੀ, ਸਾਂਈ ਜੀ ਕਹਿੰਦੇ “ਕੀ ਗੱਲ ਵਈ ਗੁਰਦਾਸ ਸਾਰਾ ਦਿਨ ਬੂਟ ਪੋਲਿਸ਼ਾਂ ਹੀ ਚੱਲਦੀ ਰਹਿੰਦੀ TV ਤੇ” ਗੁਰਦਾਸ ਜੀ ਕਹਿੰਦੇ ਤੁਹਾਡੀ ਕ੍ਰਿਪਾ ਹੈ. ਸਾਂਈ ਜੀ ਕਹਿੰਦੇ “ਨਹੀਂ ਗੁਰੂ ਰਵਿਦਾਸ ਜੀ ਨੇ ਤੇਰੇ ਤੇ ਬਹੁਤ ਮਿਹਰ ਕੀਤੀ ਹੈ”. ਸਾਂਈ ਜੀ ਨੇ ਕਿਹਾ ਯਾਦ ਹੈ ਓਹ ਮੁੰਡਾ ਜਿਸ ਨਾਲ ਤੂੰ ਫੋਟੋ ਖਿਚਾ ਕੇ ਆਈਆਂ, ਇੱਕ ਵਾਰ ਮੁੱਲਾਂਪੁਰ ਵਿੱਚ ਗੁਰਦਾਸ ਮਾਨ ਜੀ ਦਾ ਪ੍ਰੋਗ੍ਰਾਮ ਹੋਇਆ ਸੀ ਜਿਸ ਵਿੱਚ ਪ੍ਰੋਗ੍ਰਾਮ ਤੋਂ ਬਾਅਦ ਬਹੁਤ ਲੋਗ ਫੋਟੋ ਖਿਚਵਾ ਰਹੇ ਸੀ ਗੁਰਦਾਸ ਜੀ ਦੇ ਨਾਲ, ਇੱਕ ਬੂਟ ਪੋਲਿਸ਼ਾਂ ਵਾਲਾ ਮੁੰਡਾ ਜਿਸਦੇ ਕੱਪੜੇ ਫਟੇ ਹੋਏ ਸੀ, ਓਹ ਵੀ ਫੋਟੋ ਖਿਚਵਾਨਾ ਚਾਹ ਰਿਹਾ ਸੀ, ਪਰ ਉਸਨੂੰ ਅੱਗੇ ਆਉਣ ਨਹੀਂ ਦੇ ਰਹੇ ਸੀ, ਗੁਰਦਾਸ ਜੀ ਦੀ ਨਜ਼ਰ ਉਸਤੇ ਪਈ ਤੇ ਉਨ੍ਹਾਂ ਸੇਵਾਦਾਰਾਂ ਨੂੰ ਕਿਹਾ ਕਿ ਉਸਨੂੰ ਆਉਣ ਦਵੋ, ਅੱਗੇ ਰੱਸੀਆਂ ਲੱਗੀਆਂ ਹੋਈਆਂ ਸੀ, ਗੁਰਦਾਸ ਜੀ ਨੇ ਕਿਹਾ ਖੋਲਦੇ ਰਸ੍ਸੀਆਂ ਤੇ ਆਜਾ ਸਟੇਜ ਤੇ. ਮੁੰਡਾ ਸਟੇਜ ਤੇ ਆਇਆ ਉਸਨੇ ਆਪਣੀ ਬੂਟ ਪੋਲਿਸ਼ਾਂ ਵਾਲੀ ਪੇਟੀ ਥੱਲੇ ਰੱਖੀ, ਤਾਂ ਗੁਰਦਾਸ ਜੀ ਕਹਿੰਦੇ ਨਾ ਥੱਲੇ ਨਾ ਰੱਖ, ਜਿਸ ਤਰ੍ਹਾਂ ਮੈਂ ਆਪਣੀ ਡਫਲੀ ਸੀਨੇ ਨਾਲ ਲਾਕੇ ਰੱਖੀ ਹੈ ਇਸੀ ਤਰ੍ਹਾਂ ਰੱਖਿਆ ਕਰ, ਰੋਟੀ ਰੋਜ਼ੀ ਹੈ, ਕਹਿੰਦੇ ਨਾ ਜਾਨੇ ਕਿਸ ਭੇਸ ਮੇਂ ਨਾਰਾਯਨ ਮਿਲ ਜਾਏ. ਉਸ ਬੱਚੇ ਨੇ ਫੋਟੋ ਖਿਚਵਾਈ ਤਾਂ ਗੁਰਦਾਸ ਜੀ ਨੇ ਜੱਸੀ ਨੂੰ ਕਿਹਾ ਕੀ ਫੋਟੋਗ੍ਰਾਫਰ ਨੂੰ ਪੈਸੇ ਦੇ ਦਵੀਂ ਤਾਂ ਜੋ ਇਸ ਨੂੰ ਫੋਟੋ ਮਿਲ ਜਾਵੇ. ਓਹ ਬੱਚਾ ਬਹੁਤ ਖੁਸ਼ ਹੋਇਆ, ਸਾਂਈ ਜੀ ਕਹਿੰਦੇ ਜਿਸ ਬੱਚੇ ਨਾਲ ਤੂੰ ਫੋਟੋ ਖਿਚਵਾਕੇ ਆਇਆ ਹੈਂ, ਓਹ ਬੱਚਾ ਗੁਰੂ ਰਵਿਦਾਸ ਜੀ ਦਾ ਹੈ, ਤੇ ਉਨ੍ਹਾਂ ਨੇ ਤੇਰੇ ਤੇ ਆਸ਼ੀਰਵਾਦ ਦਿੱਤਾ ਹੈ.

“ਸਾਰੇ ਕਹਿੰਦੇ ਤੇਰਾ ਤੇਰਾ, ਮੈਂ ਵੀ ਆਖਾਂ ਤੇਰਾ | ਲਾਡੀ ਸ਼ਾਹ ਤੇਰਾ ਕੁੱਝ ਨਹੀਂ ਜਾਣਾ, ਜੇ ਆਖ ਦੇਵੇਂ ਤੂੰ ਮੇਰਾ”

ਸਾਂਈ ਜੀ ਦੀ ਹਰ ਗੱਲ ਦੇ ਵਿੱਚ ਇੱਕ ਰਮਜ਼ ਹੁੰਦੀ ਸੀ. ਇੱਕ ਵਾਰ ਕੇਸਰੀ ਪੱਗ ਬੰਨਕੇ ਇੱਕ ਸਰਦਾਰ ਡੇਰੇ ਆਇਆ ਤੇ ਮੱਥਾ ਟੇਕਣ ਲੱਗਿਆ, ਤਾਂ ਸਾਂਈ ਜੀ ਨੇ ਕਿਹਾ “ਨਾ ਮੱਥਾ ਨੀ ਟੇਕਣਾ”, ਉਸਨੇ ਕਿਹਾ ਪਰ ਸਾਂਈ ਜੀ ਮੈਂ ਤਾਂ ਪੂਰੀ ਸ਼ਰਦਾ ਦੇ ਨਾਲ ਆਈਆਂ, ਸਾਂਈ ਜੀ ਨੇ ਕਿਹਾ ਇਹ ਕੇਸਰੀ ਨਿਸ਼ਾਨ ਸਾਡੇ ਦਾਤਾ ਦਾ ਹੈ, ਗੁਰੂ ਗੋਬਿੰਦ ਸਿੰਘ ਜੀ ਮਾਹਰਾਜ ਦਾ, ਜਿਨ੍ਹਾ ਨੇ 4 ਪੁੱਤ ਵਾਰੇ, ਪੰਜਵੀਂ ਮਾਂ ਵਾਰੀ, ਛੇਵਾਂ ਬਾਪ ਵਾਰਿਆ ਤੇ ਸੱਤਵਾਂ ਆਪ ਵਾਰਿਆ. ਸੋ ਇਹ ਨਿਸ਼ਾਨ ਨੂੰ ਅਸੀਂ ਝੁਕਾਉਣਾ ਨੀ, ਜੇ ਮੱਥਾ ਟੇਕਣਾ ਹੋਵੇ ਤਾਂ ਕੋਈ ਹੋਰ ਪੱਗ ਬੰਨਕੇ ਆਜੀਂ. ਸਾਂਈ ਜੀ ਇੱਕ ਏਹੋਜੇ ਫਕ਼ੀਰ ਸੀ ਜੋ ਹਰ ਕਿਸੀ ਨਾਲ ਪਿਆਰ ਕਰਦੇ ਸੀ. ਚਾਹੇ ਦਰ ਤੇ ਆਇਆ ਸਵਾਲੀ ਹੋਵੇ ਜਾਂ ਕੋਈ ਜਾਨਵਰ, ਇੱਕ ਵਾਰ ਸਾਂਈ ਜੀ ਦੇ ਸ਼ਰੀਰ ਤੇ ਇੱਕ ਕੀੜਾ ਚੜਿਆ ਜਾ ਰਿਹਾ ਸੀ, ਇੱਕ ਬੰਦਾ ਕਹਿੰਦਾ ਸਾਂਈ ਜੀ ਕੀੜਾ, ਤੇ ਕੁਛ ਵੇਖਣ ਲੱਗਾ ਉਸਨੂੰ ਮਾਰਨ ਲਈ, ਸਾਂਈ ਜੀ ਕਹਿੰਦੇ ਤੂੰ ਕੀ ਚਾਹਨਾ ਮੈਂ ਇਸਨੂੰ ਮਾਰਦਾਂ, ਇਹ ਵੀ ਉਸਦਾ ਜੀਵ ਹੈ, ਜਿਸਦੀ ਜਾਨ ਲੈਣ ਦਾ ਹੱਕ ਸਾਨੂੰ ਨਹੀਂ ਹੈ.

“ਜ਼ਾਤ ਪਾਤ ਨਾ ਮਜ਼ਹਬ ਦੀ, ਸਾਨੂ ਨਿੰਦ ਵਿਚਾਰ | ਅਸੀਂ ਉਸਨੂੰ ਮੱਥਾ ਟੇਕੀਏ, ਜਿਹੜਾ ਸਬਨੂੰ ਕਰੇ ਪਿਆਰ”

ਸਾਂਈ ਜੀ ਦੀ ਤਰ੍ਹਾਂ ਲੋਗ ਵੀ ਸਾਂਈ ਜੀ ਨੂੰ ਬਹੁਤ ਪਿਆਰ ਕਰਦੇ ਸੀ, ਇੱਕ ਵਾਰ ਨਕੋਦਰ ਦਾ ਇੱਕ ਪਰਿਵਾਰ ਸਾਂਈ ਜੀ ਨੂੰ ਵਿਆਹ ਤੇ ਆਉਣ ਲਈ ਨਿਮੰਤ੍ਰਿਤ ਕਰਕੇ ਗਏ, ਵਿਆਹ ਵਾਲੇ ਦਿਨ ਉਨ੍ਹਾਂ ਦੇ ਘਰ ਸੱਪ ਨਿਕਲ ਆਇਆ, ਘਰਦਿਆਂ ਨੇ ਸੱਪ ਨੂੰ ਫੜ ਕੇ ਦੂਰ ਛੱਡ ਦਿੱਤਾ, ਅਗਲੇ ਦਿਨ ਸਾਂਈ ਜੀ ਕੋਲ ਗਏ, ਤੇ ਕਹਿੰਦੇ ਸਾਂਈ ਜੀ ਤੁਸੀਂ ਆਏ ਨੀ, ਸਾਂਈ ਜੀ ਕਹਿੰਦੇ ਤੁਸੀਂ ਤਾਂ ਮੈਨੂੰ ਮਾਰ ਹੀ ਦੇਣਾ ਸੀ, ਮੈਂ ਤਾਂ ਆਇਆ ਸੀ ਪਰ ਤੁਸੀਂ ਬਾਹਰ ਕੱਢਤਾ. ਉਨ੍ਹਾਂ ਦੀ ਲੀਲਾ ਕੋਈ ਵਿਰਲਾ ਹੀ ਸਮਝ ਸਕਦਾ ਸੀ. ਇਸੇ ਤਰ੍ਹਾਂ ਇੱਕ ਵਾਰ ਇੱਕ ਬੀਬੀ ਸਾਂਈ ਜੀ ਕੋਲ ਚਲੀ ਆ ਰਹੀ ਸੀ, ਸਾਂਈ ਜੀ ਨੇ ਸ਼ਰਦਾ ਜੀ ਨੂੰ ਕਿਹਾ, ਇਹ ਤਾਂ ਓਹੀ ਬੀਬੀ ਹੈ ਜਿਹੜੀ ਮੁੰਡਾ ਮੰਗਕੇ ਗਈ ਸੀ ਪਿਛਲੇ ਸਾਲ. ਬੀਬੀ ਨੇ ਸਾਂਈ ਜੀ ਨੂੰ ਨਮਸ਼ਕਾਰ ਕੀਤਾ, ਸਾਂਈ ਜੀ ਨੇ ਪੁਛਿੱਆ ਬੀਬੀ ਮੁੰਡਾ ਹੋਗਿਆ ਸੀ?. ਬੀਬੀ ਕਹਿੰਦੀ ਮੁੰਡਾ ਤਾਂ ਹੋ ਗਿਆ, ਪਰ ਥੋੜਾ ਜਿਹਾ ਪਿਲਪਿਲਾ ਹੈ, ਸਾਂਈ ਜੀ ਕਹਿੰਦੇ ਜਿਸ ਤਰ੍ਹਾਂ ਦੇ ਕੇਲੇ ਚਢ਼ਾਏ ਸੀ ਉਸ ਤਰ੍ਹਾਂ ਦਾ ਮੁੰਡਾ ਹੋਗਿਆ. ਸਾਂਈ ਜੀ ਅਕਸਰ ਇੱਕ ਨੁਕਤੇ ਵਿੱਚ ਪੂਰੀ ਗੱਲ ਕਰ ਦੇਂਦੇ ਸੀ

ਗੁਰਦਾਸ ਮਾਨ ਜੀ ਦੇ 2 ਐਕਸੀਡੇੰਟ ਵੀ ਹੋਏ ਸੀ ਇੱਕ 2001 ਦੇ ਵਿੱਚ ਤੇ ਇੱਕ 2007 ਦੇ ਵਿੱਚ, ਦੋਨੋ ਹੀ January ਦੇ ਵਿੱਚ ਹੋਏ. ਪਹਿਲੇ ਐਕਸੀਡੇੰਟ ਵਿੱਚ ਮੱਥੇ ਦੇ ਸੱਜੇ ਪਾਸੇ ਤੇ ਦੂਜੇ ਐਕਸੀਡੇੰਟ ਵਿੱਚ ਮੱਥੇ ਦੇ ਖੱਬੇ ਪਾਸੇ ਲੱਗੀ. ਗੁਰਦਾਸ ਜੀ ਕਹਿੰਦੇ ਸੀ ਸ਼ਾਇਦ ਮਾਲਕ ਨੇ ਕੋਈ ਤੱਕੜੀ ਬਰਾਬਰ ਕਰਨੀ ਸੀ, ਜਾਂ ਕੋਈ ਭਾਰ ਉਤਾਰਨਾ ਸੀ. ਗੁਰਦਾਸ ਮਾਨ ਜੀ ਦਾ ਪਿਹਲਾ ਐਕਸੀਡੇੰਟ 09-01-2001 ਨੂੰ ਹੋਇਆ, ਮਾਨ ਸਾਹਬ ਆਪਣੇ ਡਰਾਈਵਰ ਨਾਲ ਚੰਡੀਗੜ੍ਹ ਤੋਂ ਨਕੋਦਰ ਨੂੰ ਚੱਲੇ ਸੀ ਤੇ ਰੂਪਨਗਰ ਕੋਲ ਇੱਕ ਟਰੱਕ ਨਾਲ ਗੱਡੀ ਦਾ ਐਕਸੀਡੇੰਟ ਹੋ ਗਿਆ. ਜਿਸ ਵਿੱਚ ਉਨ੍ਹਾਂ ਦੇ ਡਰਾਈਵਰ ਤੇਜਪਾਲ ਦੀ ਮੌਤ ਹੋ ਗਈ ਸੀ. ਉਸ ਦਿਨ ਪਹਿਲੀ ਵਾਰ ਤੇਜਪਾਲ ਨੇ ਗੁਰਦਾਸ ਮਾਨ ਜੀ ਨੂੰ ਬੈਲਟ ਲਗਾਉਣ ਲਈ ਕਿਹਾ ਸੀ ਜਿਸਦੇ ਥੋੜੀ ਦੇਰ ਬਾਅਦ ਐਕਸੀਡੇੰਟ ਹੋ ਗਿਆ. ਸਾਂਈ ਜੀ ਨੇ ਗੁਰਦਾਸ ਮਾਨ ਜੀ ਦੇ ਡਰਾਈਵਰ ਨੂੰ ਪਹਿਲਾਂ ਹੀ ਕਿਹਾ ਸੀ, ਕੀ ਇਹ ਗੱਡੀ ਤੇਰੇ ਤੇ ਭਾਰੀ ਹੈ ਇਸਨੂੰ 2 ਦਿਨ ਲਈ ਦਰਬਾਰ ਛੱਡ ਜਾਈਂ. ਫਿਰ ਗੁਰਦਾਸ ਮਾਨ ਜੀ ਪ੍ਰੋਗ੍ਰਾਮ ਲਈ ਕੈਨੇਡਾ ਚਲੇ ਗਾਏ ਤੇ ਜਾਣ ਤੋਂ ਪਹਿਲਾਂ ਉਨ੍ਹਾਂ ਆਪਣੇ ਡਰਾਈਵਰ ਨੂੰ ਕਿਹਾ ਸੀ ਕਿ ਗੱਡੀ ਦਰਬਾਰ ਛੱਡ ਜਾਈਂ. ਪਰ ਤੇਜਪਾਲ ਗੱਡੀ ਲੇਕੇ ਆਪਣੇ ਦੋਸਤਾਂ ਕੋਲ ਦਿੱਲੀ ਚਲਾ ਗਿਆ, ਕੁਛ ਦਿਨ ਬਾਦ ਓਹ ਆਪਣੇ ਦੋਸਤਾਂ ਨਾਲ ਅੰਮ੍ਰਿਤਸਰ ਲਈ ਨਿਕਲ ਪਿਆ, ਗੱਡੀ ਵਿੱਚ ਉਨ੍ਹਾਂ ਪਹਿਲਾਂ ਸ਼ਰਾਬ ਪੀਤੀ ਫੇਰ ਸਫ਼ਰ ਸ਼ੁਰੂ ਕੀਤਾ. ਰਸਤੇ ਵਿੱਚ ਜਲੰਧਰ ਪਹੁੰਚੇ ਤਾਂ ਯਾਦ ਆਇਆ ਕਿ ਸਾਂਈ ਜੀ ਨੇ ਗੱਡੀ ਛੱਡਣ ਨੂੰ ਕਿਹਾ ਸੀ. ਓਹ ਨਕੋਦਰ ਪਹੁੰਚਿਆ, ਗੱਡੀ ਦਰਬਾਰ ਦੇ ਬਾਹਰ ਖੜੀ ਕਰਕੇ ਅੰਦਰ ਗਿਆ, ਤੇ ਸਾਂਈ ਜੀ ਨੂੰ ਕਿਹਾ ਕਿ ਮੈਂ ਗੱਡੀ ਛੱਡਣ ਆਇਆਂ, ਸਾਂਈ ਜੀ ਨੇ ਪੁਛਿੱਆ "ਗੱਡੀ ਵਿਚ੍ਹ ਸ਼ਰਾਬ ਵੀ ਪਈ ਹੈ" ਹੁਣ ਸਾਂਈ ਜੀ ਨੂੰ ਕੌਣ ਝੂਠ ਬੋਲੇ, ਤੇਜਪਾਲ ਨੇ ਕਿਹਾ ਹਾਂਜੀ ਪਈ ਹੈ. ਸਾਂਈ ਜੀ ਨੇ ਕਿਹਾ “ਗੱਡੀ ਛੱਡਣ ਆਈਆਂ ਕੇ ਆਪਣੇ ਯਾਰਾਂ ਨਾਲ ਪਿਕਨਿਕ ਮਨਾਉਣ ਆਈਆਂ”. ਮਤਲਬ ਗੱਡੀ ਛੱਡਣੀ ਸੀ ਤਾਂ ਪਹਿਲਾਂ ਹੀ ਛੱਡ ਜਾਂਦਾ. ਫਕ਼ੀਰ ਆਪਣੇ ਬੋਲਾਂ ਦੇ ਪੱਕੇ ਹੁੰਦੇ ਨੇ, ਓਹ ਉਸ ਮੌਕੇ ਨੂੰ ਸੰਭਾਲਣਾ ਚਾਹੁੰਦੇ ਸੀ ਪਰ ਨਹੀਂ ਸੰਭਲਿਆ. ਫੇਰ 09-01-2001 ਨੂੰ ਜਦ ਐਕਸੀਡੇੰਟ ਹੋਇਆ ਤੇ ਗੱਡੀ ਨੇ 3 ਪਲਟੀਆਂ ਖਾਦੀਆਂ, ਜਿਸ ਵਿੱਚ ਡਰਾਈਵਰ ਤੇਜਪਾਲ ਦੀ ਮੌਤ ਹੋਗਈ. ਗੁਰਦਾਸ ਮਾਨ ਜੀ ਨੂੰ ਕੁੱਛ ਲੋਕਾਂ ਨੇ ਗੱਡੀ ਵਿੱਚੋਂ ਕੱਡਿਆ ਤੇ ਹਸਪਤਾਲ ਲੈਕੇ ਗਏ, ਗੁਰਦਾਸ ਜੀ ਦੱਸਦੇ ਨੇ ਕਿ ਉਨ੍ਹਾਂ ਨੂੰ ਲੱਗਿਆ ਸੀ ਜੱਗ ਤੋਂ ਜਾਣ ਦਾ ਵੇਲਾ ਆਗਿਆ ਪਰ ਸਾਂਈ ਜੀ ਨੇ ਬਚਾ ਲਿਆ. ਤੇ ਕੁੱਛ ਦਿਨਾਂ ਬਾਅਦ ਚਲਨ ਫਿਰਨ ਲਗ ਗਏ, ਫਿਰ 26-01-2001 ਨੂੰ " ਰੁੜਕਾ ਕਲਾਂ" ਗਾਕੇ ਆਏ. ਰੁਰ੍ਕਾ ਪਿੰਡ ਜੰਡਿਆਲਾ ਸ਼ਹਿਰ ਕੋਲ ਹੈ ਜਿੱਥੇ ਬਾਬਾ ਚਿੰਤਾ ਭਗਤ ਜੀ ਤੇ ਬਾਬਾ ਅਮੀ ਚੰਦ ਜੀ ਦੀ ਦਰਗਾਹ ਹੈ, ਬਾਬਾ ਅਮੀ ਚੰਦ ਜੀ ਵੀ ਸਾਂਈ ਜੀ ਦੀ ਤਰ੍ਹਾਂ ਬਹੁਤ ਪੁੱਜੇ ਹੋਏ ਫਕ਼ੀਰ ਸੀ ਤੇ ਅਕਸਰ ਸਿੱਖਿਆ ਲਈ ਬਾਪੂ ਬ੍ਰਹਮ ਜੋਗੀ ਜੀ ਕੋਲ ਆਉਂਦੇ ਹੁੰਦੇ ਸੀ. ਰੁੜਕਾ ਕਲਾਂ ਹਮੇਸ਼ਾ 26 ਜਨਵਰੀ ਨੂੰ ਮੇਲਾ ਹੁੰਦਾ ਹੈ ਜਿੱਥੇ ਗੁਰਦਾਸ ਜੀ 1988 ਤੋਂ ਲਗਾਤਾਰ ਗਾ ਰਹੇ ਨੇ. ਉਸ ਵੇਲੇ ਗੁਰਦਾਸ ਜੀ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਸੀ ਫਿਰ ਵੀ ਕੁੱਛ ਸਮੇ ਲਈ ਹਾਜਰੀ ਜਰੂਰ ਲਗਾ ਕੇ ਆਏ.

ਦੂਜਾ ਐਕਸੀਡੇੰਟ 20-01-2007 ਨੂੰ ਕਰਨਾਲ ਸ਼ਹਿਰ ਕੋਲ ਹੋਇਆ, ਜਿਸ ਵਿੱਚ ਗੱਡੀ ਉਨ੍ਹਾਂ ਦਾ ਡਰਾਇਵਰ ਗਣੇਸ਼ ਚਲਾ ਰਿਹਾ ਸੀ, ਐਕਸੀਡੇੰਟ ਕਰਨਲ ਵਿੱਚ ਹੋਇਆ ਤੇ ਨਕੋਦਰ ਸਾਂਈ ਜੀ ਦੀ ਮਾਲਿਸ਼ ਹੋ ਰਹੀ ਸੀ. ਕਾਲਾ ਕਹਿੰਦਾ ਸਾਂਈ ਜੀ ਤੁਹਾਡੇ ਸ਼ਰੀਰ ਤੇ ਨੀਲ ਕਿਵੇਂ ਪੈ ਗਏ ਰਾਤੋ ਰਾਤ, ਸਾਂਈ ਜੀ ਨੇ ਕਿਹਾ ਦੱਸਦੇ ਹਾਂ ਕਾਲੇ ਤੂੰ ਮਾਲਿਸ਼ ਕਰ. ਫਿਰ ਕਿਹਾ TV ਲਗਾ, ਕਾਲੇ ਨੇ TV ਲਗਾਇਆ ਤਾਂ ਨੀਚੇ ਖਬਰ ਆ ਰਹੀ ਸੀ "ਗੁਰਦਾਸ ਮਾਨ ਕਾ ਐਕਸੀਡੇੰਟ" ਗੁਰੂ ਹਮੇਸ਼ਾ ਆਪਣੇ ਮੁਰੀਦ ਦਾ ਕਸ਼ਟ ਆਪਣੇ ਤੇ ਲੈ ਲੈਂਦਾ. ਐਕਸੀਡੇੰਟ ਦੇ 2 ਦਿਨ ਬਾਦ ਹੀ ਗੁਰਦਾਸ ਜੀ ਡੇਰੇ ਆਏ ਤੇ ਸਾਂਈ ਜੀ ਕੋਲ ਬੈਠੇ ਪਰ ਉਨ੍ਹਾਂ ਤੋਂ ਬੈਠਿਆ ਨਾ ਜਾਵੇ, ਗੁਰਦਾਸ ਜੀ ਬੈਠੇ ਤਾਂ ਸਾਂਈ ਜੀ ਕਹਿੰਦੇ ਗੁਰਦਾਸ ਪਾਣੀ ਦਾ ਗਲਾਸ ਲੇਕੇ ਆਈਂ. ਫਿਰ ਬੈਠਣ ਤਾਂ ਸਾਂਈ ਜੀ ਫਿਰ ਕੁੱਛ ਲੇਕੇ ਆਉਣ ਨੂੰ ਕਹਿੰਦੇ. ਦੇਖਣ ਵਾਲੇ ਨੂੰ ਅਜੀਬ ਲਗਦਾ ਪਰ ਗੁਰਦਾਸ ਜੀ ਦਸਦੇ ਨੇ ਕਿ ਸਾਂਈ ਜੀ ਨੇ ਉਨ੍ਹਾਂ ਨੂੰ ਉਠਾ ਉਠਾ ਕੇ ਉਨ੍ਹਾਂ ਦੇ ਸਾਰੇ ਵਲ ਸਿੱਧੇ ਕਰ ਦਿੱਤੇ. ਫਿਰ ਗੁਰਦਾਸ ਜੀ ਜਦੋਂ ਜਾਣ ਲੱਗੇ ਤਾਂ ਸਾਂਈ ਜੀ ਨੇ ਕਿਹਾ ਕੱਲ ਮੇਲਾ ਹੈ "ਰੁੜਕਾ ਕਲਾਂ" ਚਾਹੇ ਥੋੜਾ ਗਾ ਲਈੰ ਪਰ ਹਾਜਰੀ ਲਗਾਕੇ ਆਈਂ. ਗੁਰਦਾਸ ਜੀ ਦੱਸਦੇ ਨੇ ਓਹ 10 ਮਿੰਟ ਗਾਉਣ ਲਈ ਗਏ ਸੀ. ਪਰ ਉਨ੍ਹਾਂ ਨੂੰ ਇਹੋ ਜਿਹਾ ਸੁਰੂਰ ਆਇਆ ਆਪਣੇ ਗੁਰੂ ਦੀ ਕਿਰਪਾ ਦਾ, ਕਿ 1.5 ਘੰਟਾ ਪੱਟੀ ਬੰਨੀ ਦੇ ਵਿੱਚ ਗਾਉਂਦੇ ਰਹੇ. ਜਦੋਂ ਗੁਰਦਾਸ ਜੀ ਠੀਕ ਹੋਏ ਤਾਂ ਅਖਬਾਰ ਵਾਲੇ ਉਨ੍ਹਾਂ ਕੋਲ ਪਹੁੰਚੇ ਤੇ ਸਵਾਲ ਕੀਤਾ "ਕਿ ਜਦੋਂ ਐਕਸੀਡੈਂਟ ਹੋਇਆ ਤਾਂ ਤੁਹਾਡੀ ਅੱਖ ਲੱਗੀ ਹੋਈ ਸੀ?" ਗੁਰਦਾਸ ਜੀ ਸਹਿਜ ਵਿੱਚ ਬੋਲੇ ਕਿ ਅੱਖ ਤਾਂ ਮੇਰੀ ਬਹੁਤ ਪਹਿਲਾਂ ਦੀ ਲੱਗੀ ਹੋਈ ਸੀ, ਤੇ ਜੇ ਮੇਰੀ ਅੱਖ ਲੱਗੀ ਨਾ ਹੁੰਦੀ ਤਾਂ ਮੈਂ ਬੱਚਦਾ ਨਾ, ਕਹਿੰਦੇ ਜ੍ਹਿਨਾਂ ਨੇ ਬਾਹੰ ਫੜੀ ਸੀ ਉਨ੍ਹਾਂ ਨੂੰ ਸ਼ਰਮ ਸੀ। ਬੋਲੇ "ਲੱਜਪਾਲ ਪ੍ਰੀਤ ਨੂੰ ਤੋੜਦੇ ਨਹੀਂ, ਜਿਸਦੀ ਬਾਂਹ ਫੜ ਲੈਣ ਉਸਨੂੰ ਛੋੜਦੇ ਨਹੀਂ" ।

“ਜਿਹੜਾ ਅੱਜ ਤੱਕ ਨਾ ਹੋਇਆ ਮੈਂ ਐਸਾ ਤੈਨੂੰ ਪਿਆਰ ਦਿਆਂ, ਮੇਰੀ ਉਮਰ ਹਜ਼ਾਰਾਂ ਸਾਲ ਹੋਵੇ ਹਰ ਸਾਲ ਤੇਰੇ ਤੋਂ ਵਾਰ ਦਿਆਂ”

ਗੁਰਦਾਸ ਜੀ ਦੱਸਦੇ ਨੇ ਕਿ ਜਦੋਂ ਉਨ੍ਹਾਂਨੇ ਨਵੀਂ ਗੱਡੀ ਲਈ ਤਾਂ ਪਹਿਲਾਂ ਦਰਬਾਰ ਲੈਕੇ ਆਏ । ਪਹਿਲਾਂ ਸਾਈਂ ਜੀ ਨੂੰ ਵਿੱਚ ਬਿਠਾਇਆ, ਇੱਕ ਗੇੜਾ ਕਟਾਇਆ, ਜਦੋ ਸਾਈਂ ਜੀ ਉੱਤਰੇ ਤਾਂ ਉਨ੍ਹਾਂ ਨੇ ਪੁੱਛਿਆ "ਗੁਰਦਾਸ ਇਸ ਗੱਡੀ ਵਿੱਚ ਕੀ ਵਾਧਾ ਹੈ ?" ਗੁਰਦਾਸ ਜੀ ਨੇ ਸਹਿਜ ਦੇ ਵਿੱਚ ਕਿਹਾ "ਕਿ ਬਾਬਾ ਜੀ ਤੁਸੀਂ ਬੈਠ ਗਏ ਇਹੀ ਵੱਧ ਹੈ" ਤੇ ਜਦੋ ਉਨ੍ਹਾਂ ਦਾ ਐਕਸੀਡੈਂਟ ਹੋਇਆ ਤਾਂ ਸਿਰਫ ਓਹੀ ਸੀਟ ਬਚੀ ਸੀ ਜਿਸਤੇ ਸਾਈਂ ਜੀ ਬੈਠੇ ਸੀ, ਬਾਕੀ ਸਾਰੀ ਗੱਡੀ ਕੱਠੀ ਹੋ ਗਈ ਸੀ। ਉਸੀ ਸੀਟ ਤੇ ਗੁਰਦਾਸ ਜੀ ਬੈਠੇ ਸੀ, ਸੋ ਮਾਲਕ ਨੇ ਬਚਾ ਲਿਆ।

ਦਾਤਾ ਅਲੀ ਅਹਿਮਦ ਸਾਹਬ (ਮੰਢਾਲੀ ਵਾਲੇ) ਨਾਲ ਵੀ ਸਾਈਂ ਜੀ ਦਾ ਬਹੁਤ ਪਿਆਰ ਸੀ, ਉਹ ਵੀ ਬਹੁਤ ਵੱਡੇ ਫ਼ਕੀਰ ਸੀ , ਜਿਨ੍ਹਾਂਨੇ ਪੈਰਾਂ ਦੀ ਅੱਗ ਬਾਲਕੇ ਆਪਣੇ ਮੁਰਸ਼ਦ ਨੂੰ ਚਾਹ ਪਿਲਾਈ ਸੀ, ਉਹ ਅਕਸਰ ਸਾਈਂ ਜੀ ਕੋਲ ਆਉਂਦੇ ਹੁੰਦੇ ਸੀ, ਸਾਈਂ ਜੀ ਨੂੰ ਬਹੁਤ ਲੋਕ ਸੱਦਾ ਦੇਕੇ ਜਾਉਂਦੇ ਸੀ ਕਿ ਬਾਬਾ ਜੀ ਸਾਡੇ ਘਰ ਆਉਣਾ, ਕੋਈ ਕਹਿੰਦਾ ਸੀ ਸਾਡੀ ਦੁਕਾਨ ਤੇ ਆਉਣਾ, ਤਾਂ ਸਾਈਂ ਜੀ ਘੁੰਮਦੇ ਰਹਿੰਦੇ ਸੀ , ਇੱਕ ਦਿਨ ਅਲੀ ਅਹਿਮਦ ਸਾਹਬ ਨੇ ਸਾਈਂ ਜੀ ਨੂੰ ਕਿਹਾ "ਸਾਈਂ ਜੀ ਹੁਣ ਲਾਗੇ ਹੋਕੇ ਬਹਿ ਵੀ ਜਾਓ ਯਾਰ ਦੇ " ਸਾਈਂ ਜੀ ਦਾ ਇੱਕ ਕਮਰਾ ਸੀ ਦਰਬਾਰ ਦੇ ਅੰਦਰ, ਸਾਈਂ ਜੀ 5 ਸਾਲ ਉਸੀ ਕਮਰੇ ਵਿੱਚ ਰਹੇ, ਕਮਰੇ ਤੋਂ ਬਾਹਰ ਪੈਰ ਵੀ ਨਹੀਂ ਰੱਖਿਆ, ਨਹਾਉਣਾ ਵੀ ਉੱਥੇ ਹੀ, ਤੇ ਬੰਦਗੀ ਵੀ ਉੱਥੇ ਹੀ, ਅਤੇ ਸਹਿਜ ਨਾਲ ਸਮਾਂ ਬਿਤਾ ਲਿਆ, ਫ਼ਕੀਰਾਂ ਦੀਆਂ ਰਮਜ਼ਾਂ ਵੱਖਰੀਆਂ ਹੀ ਹੁੰਦੀਆਂ ਨੇ, ਜਿਨ੍ਹਾਂ ਵਿੱਚ ਆਪਣੇ ਮੁਰਸ਼ਦ ਤੋਂ ਬਿਨ੍ਹਾਂ ਹੋਰ ਕਿਸੀ ਚੀਜ਼ ਦੀ ਗ਼ਰਜ਼ ਨਹੀਂ ਹੁੰਦੀ।

ਇੱਕ ਵਾਰ 1984 ਦੀ ਗੱਲ ਹੈ, ਪੰਜਾਬ ਵਿੱਚ ਮਹੌਲ ਖ਼ਰਾਬ ਸੀ, ਮੰਢਾਲੀ ਦਰਬਾਰ ਮੇਲਾ ਵੀ ਸੀ । ਸਾਈਂ ਜੀ ਆਪਣੇ ਡਰਾਈਵਰ ਨਾਲ ਮੰਢਾਲੀ ਵੱਲ ਨਿਕਲ ਪਏ । ਉਸ ਸਮੇਂ ਨੂਰਮਹਿਲ ਵਾਲੀ ਸੜਕ ਟੁੱਟੀ ਸੀ ਤੇ ਬਣਦੀ ਪਈ ਸੀ, ਜਿਸਤੇ ਬਹੁਤ ਮਜ਼ਦੂਰ ਕੰਮ ਕਰ ਰਹੇ ਸੀ। ਡਰਾਈਵਰ ਨੇ ਸਾਈਂ ਜੀ ਨੂੰ ਕਿਹਾ ਕਿ "ਸਾਈਂ ਜੀ, ਸਾਡੇ ਨਾਲ ਕੋਈ ਬੰਦਾ ਵੀ ਨਹੀਂ ਹੈ, ਤੇ ਗੱਡੀ ਵਿੱਚ ਪੈਸੇ ਵੀ ਬਹੁਤ ਪਏ ਨੇ , ਅਸੀਂ ਵਾਪਿਸ ਚੱਲੀਏ ਕੋਈ ਚੋਰ ਸਾਨੂੰ ਲੁੱਟ ਨਾ ਲਵੇ "। ਸਾਈਂ ਜੀ ਕਹਿੰਦੇ "ਠੀਕ ਹੈ ਡਿੱਗੀ ਖੋਲ, ਫੇਰ ਸਾਈਂ ਜੀ ਨੇ ਬੈਗ ਖੋਲਿਆ ਤੇ ਜਿੰਨੇ ਵੀ ਮਜਦੂਰ ਕੰਮ ਕਰ ਰਹੇ ਸੀ , ਕੋਈ ਰੋਟੀ ਪਕਾ ਰਿਹਾ ਸੀ, ਕੋਈ ਆਪਣੇ ਬੱਚਿਆਂ ਨਾਲ ਖੇਲ ਰਿਹਾ ਸੀ ।" ਸਭ ਨੂੰ ਨੋਟ ਵੰਡਦੇ ਹੀ ਗਏ। ਜਦੋਂ ਪੈਸੇ ਖਤਮ ਹੋ ਗਏ ਤਾਂ ਡਰਾਈਵਰ ਨੂੰ ਹੱਸ ਕੈ ਪੁੱਛਿਆ ਕਹਿੰਦੇ "ਹੁਣ ਤਾਂ ਨਾ ਕੋਈ ਚੋਰ ਲੁੱਟੂ ?" ਕਹਿੰਦੇ ਚੱਲ ਫੇਰ, ਜੇ ਜਾਣਾ ਹੈ ਤਾਂ ਜਾਣਾ । ਫ਼ਕੀਰ ਆਪਣੀ ਮੌਜ ਦੇ ਮਾਲਕ ਹੁੰਦੇ ਨੇ ।

“ਡਰ ਉਸਨੂੰ ਹਸ਼ਰ ਦਾ ਕੀ ਯਾਰੋਂ ਜਿਹਦੀ ਅੱਖ ਲਾਡੀ ਸਾਈਂ ਨਾਲ ਲੜੀ ਹੋਵੇ, ਦਾਮਨ ਮੁਰਸ਼ਦ ਦਾ ਜੇਕਰ ਹੱਥ ਹੋਵੇ, ਗੁੱਡੀ ਕਿਉਂ ਨਾ ਉਸਦੀ ਚੜ੍ਹੀ ਹੋਵੇ “

ਜਦੋ ਸਾਈਂ ਜੀ ਵਰਿੱਧ ਅਵਸਥਾ ਵਿੱਚ ਸੀ ਤਾਂ ਇੱਕ ਦਿਨ ਸਾਈਂ ਜੀ ਗੁਰਦਾਸ ਜੀ ਨੂੰ ਕਹਿੰਦੇ "ਗੁਰਦਾਸ ਯਾਰ ਅੱਜ ਕੱਲ ਲੋਕ ਕਹਿੰਦੇ ਨੇ ਬਾਬਿਆਂ ਵਿੱਚ ਹੁਣ ਉਹ ਕਰੰਟ ਨਹੀਂ ਰਿਹਾ, ਕਹਿੰਦੇ ਸਾਨੂੰ ਬਿਜਲੀ ਦਾ ਖ਼ਮਬਾ ਹੀ ਸਮਝੀ ਫਿਰਦੇ ਨੇ " ਕਰੰਟ ਤਾਂ ਉਨ੍ਹਾਂ ਦੀ ਅੱਖ ਦਾ ਹੈ, ਉਹ ਸਾਹਮਣੇ ਹਾਜ਼ਰ ਹੋਣ ਜਾਂ ਨਾ ਹੋਣ, ਸ਼ਰੀਰ ਕਮਜ਼ੋਰ ਚਾਹੇ ਹੋ ਜਾਵੇ ਪਰ ਦੇਣਾ ਫ਼ਕੀਰ ਨੇ ਇੱਕ ਨਜ਼ਰ ਨਾਲ ਹੀ ਹੁੰਦਾ ਹੈ।

“ਹੱਥ ਦੀਆਂ ਲਕੀਰਾਂ ਚੰਗੀਆਂ ਨਾ ਹੋਣ ਤਾਂ ਕਿਸਮਤ ਚੰਗੀ ਨਹੀਂ ਹੁੰਦੀ, ਪਰ ਜੇ ਸਿਰ ਤੇ ਹੱਥ ਲਾਡੀ ਸਾਈਂ ਦਾ ਹੋਵੇ ਤਾਂ ਲਕੀਰਾਂ ਦੀ ਜ਼ਰੂਰਤ ਹੀ ਨਹੀਂ ਹੁੰਦੀ.”

ਸਾਂਈ ਜੀ ਵਰਿੱਧ ਅਵਸਥਾ ਵੇਲੇ ਮੇਲੇ ਵਿੱਚ ਇੱਕ ਜਾਂ ਦੋ ਵਾਰ ਹੀ ਦਰਸ਼ਨ ਦੇਣ ਆਉਂਦੇ ਸੀ, ਇੱਕ ਵਾਰ ਸਾਂਈ ਜੀ ਪੌੜੀਆਂ ਚੜ ਰਹੇ ਸੀ ਤਾਂ ਬਹੁਤ ਨੀਵੇਂ ਹੋਕੇ ਚੜ ਰਹੇ ਸੀ, ਇੱਕ ਸੇਵਾਦਾਰ ਨੇ ਹੱਥ ਬੰਨਕੇ ਕਿਹਾ ਸਾਂਈ ਜੀ ਥੋੜਾ ਸਿੱਧੇ ਹੋਕੇ ਚਲੋ, ਸਾਂਈ ਜੀ ਕਹਿੰਦੇ “ਕਾਕਾ ਅਸੀਂ ਜੋ ਵੀ ਖੱਟਿਆ ਨੀਵੇਂ ਹੋਕੇ ਹੀ ਖੱਟਿਆ”. ਉਨ੍ਹਾਂ ਇੱਕ ਹੀ ਨੁਕਤੇ ਵਿੱਚ ਸੱਬ ਕਹਿ ਦਿੱਤਾ. ਸਾਂਈ ਜੀ ਹਰ ਮੋੜ ਤੇ ਕੋਈ ਨਾ ਕੋਈ ਸਿੱਖਿਆ ਦੇ ਜਾਂਦੇ ਸੀ, ਇਸ ਫਕ਼ੀਰ ਦੀ ਅਜਮਾਇਸ਼ ਲਈ ਬਹੁਤ ਲੋਗ ਆਏ ਤੇ ਸਬ ਨਤਮਸਤਕ ਹੋਕੇ ਗਏ, ਇੱਕ ਵਾਰ ਇੱਕ ਬੰਦੇ ਨੇ ਸਾਂਈ ਜੀ ਨੂੰ ਸਵਾਲ ਕੀਤਾ ਕਹਿੰਦਾ, ਬਾਬਾ ਜੀ ਪਿਆਰ ਦਾ ਕੀ ਮਤਲਬ ਹੈ, ਸਾਂਈ ਜੀ ਕਹਿੰਦੇ “ਜਿੱਥੇ ਮਤਲਬ ਆਜੇ ਉਥੇ ਪਿਆਰ ਨਹੀਂ ਹੁੰਦਾ”. ਸਾਈਂ ਜੀ ਹਮੇਸ਼ਾ ਕਹਿੰਦੇ ਸੀ ਕਿ ਰੱਬ ਵੀ ਉਨ੍ਹਾਂ ਦਾ ਮੱਦਦਗਾਰ ਹੈ ਜੋ ਆਪਣੇ ਤੇ ਭਰੋਸਾ ਰੱਖਦੇ ਨੇ ਤੇ ਸੱਚੀ ਨੀਅਤ ਨਾਲ ਮੇਹਨਤ ਕਰਦੇ ਨੇ, ਕਈਂ ਵਾਰ ਲੋਗ ਸਾਈਂ ਜੀ ਨੂੰ ਕਹਿੰਦੇ ਕਿ ਸਾਈਂ ਜੀ ਸਾਡੇ ਤੇ ਕਿਰਪਾ ਕਰਨਾ, ਸਾਈਂ ਜੀ ਉਨ੍ਹਾਂ ਨੂੰ ਕਹਿੰਦੇ " ਤੁਸੀਂ ਕੋਸ਼ਿਸ਼ ਕਰਨਾ, ਅਸੀਂ ਕਸ਼ਿਸ਼ ਕਰਾਂਗੇ"।

ਇੱਕ ਵਾਰ ਇੱਕ ਭੋਲਾ ਇਨਸਾਨ ਦਰਬਾਰ ਆਇਆ, ਸਾਈਂ ਜੀ ਬਾਹਰ ਅੱਗ ਸੇਕ ਰਹੇ ਸੀ। ਉਸਨੇ ਸਾਈਂ ਜੀ ਨੂੰ ਪੁੱਛਿਆ ਕਹਿੰਦਾ “ਬਾਬਾ ਜੀ ਨੂੰ ਮਿਲਣਾ ਹੈ ” ਸਾਈਂ ਜੀ ਨੇ ਬਾਬਾ ਮੁਰਾਦ ਸ਼ਾਹ ਜੀ ਦੇ ਦਰਬਾਰ ਵੱਲ ਇਸ਼ਾਰਾ ਕੀਤਾ, ਉਹ ਇਨਸਾਨ ਅੰਦਰ ਚਲਾ ਗਿਆ ਤੇ ਮੱਥਾ ਟੇਕ ਕੇ ਬਾਹਰ ਆਇਆ, ਫੇਰ ਪੁੱਛਿਆ ਕਹਿੰਦਾ ਬਾਬਾ ਜੀ ਤਾਂ ਮਿਲੇ ਨਹੀਂ, ਇੱਥੇ ਬਾਬਾ ਜੀ ਕੌਣ ਨੇ, ਸਾਈਂ ਜੀ ਨੇ ਫੇਰ ਬਾਬਾ ਮੁਰਾਦ ਸ਼ਾਹ ਜੀ ਦੇ ਦਰਬਾਰ ਵੱਲ ਇਸ਼ਾਰਾ ਕੀਤਾ, ਉਹ ਫੇਰ ਮੱਥਾ ਟੇਕ ਕੇ ਬਾਹਰ ਆ ਗਿਆ, ਉਸਨੇ ਦੇਖਿਆ ਇੱਕ ਇਨਸਾਨ ਸਾਈਂ ਜੀ ਲਈ ਮਿਠਾਈ ਲੈਕੇ ਆਇਆ ਸੀ ਤੇ ਸਾਈਂ ਜੀ ਦੇ ਚਰਨ ਫੜ ਰਿਹਾ ਸੀ, ਫੇਰ ਉਸਨੂੰ ਪਤਾ ਲੱਗਾ ਕਿ ਇਹੀ ਬਾਬਾ ਜੀ ਨੇ, ਉਹ ਵੀ ਕੋਲ ਜਾਕੇ ਬੈਠ ਗਿਆ। ਦੂਸਰੇ ਇਨਸਾਨ ਨੇ ਬਾਬਾ ਨੂੰ ਮਿਠਾਈ ਖਿਲਾਈ ਤੇ ਕਿਹਾ, ਬਾਬਾ ਜੀ ਮੇਰਾ ਬਾਹਰ ਦਾ ਵੀਜ਼ਾ ਲੱਗ ਗਿਆ, ਇਹ ਦੇਖੋ ਮੇਰਾ ਪਾਸਪੋਰਟ ਕਹਿੰਦਾ ਮੈਂ ਕਿੰਨੇ ਸਾਲਾਂ ਤੋਂ ਉਡੀਕ ਕੀਤੀ ਸੀ, ਸਾਈਂ ਜੀ ਨੇ ਉਸਨੂੰ ਕਿਹਾ “ਤੂੰ ਬਾਹਰ ਜਾਕੇ ਕੀ ਕਰਨਾ ਤੇਰਾ ਸਬ ਕੁੱਛ ਇੱਥੇ ਹੀ ਹੈ” ਉਸਨੇ ਉਸੀ ਵੇਲੇ ਪਾਸਪੋਰਟ ਫਾੜ ਦਿੱਤਾ, ਅਗਨੀ ਸਾਕਸ਼ਾਤ ਸੀ, ਤੇ ਉਸੀ ਅੱਗ ਵਿੱਚ ਸਮਰਪਿਤ ਕਰ ਦਿੱਤਾ। ਸਾਈਂ ਜੀ ਨੇ ਉਸਦਾ ਅਟੁੱਟ ਵਿਸ਼ਵਾਸ ਦੇਖਿਆ ਤੇ ਅਸ਼ੀਰਵਾਦ ਦਿੱਤਾ, ਤੇ ਅੱਜ ਉਹ ਇਨਸਾਨ ਬਾਹਰ ਜਾਣ ਵਾਲੇ ਲੋਕਾਂ ਨਾਲੋਂ ਬਹੁਤ ਜ਼ਿਆਦਾ ਕਾਮਯਾਬ ਤੇ ਖੁਸ਼ਹਾਲ ਹੈ। ਗੁਰੂ ਦੀ ਨਜ਼ਰ ਵੀ ਉੱਥੇ ਹੀ ਹੁੰਦੀ ਹੈ ਜਿੱਥੇ ਗੁਰੂ ਦੇ ਹੁਕਮ ਦੀ ਪਾਲਣਾ ਹੋਵੇ। ਕਈ ਵਾਰ ਲੋਗ ਸੋਚਦੇ ਹਨ ਕਿ ਰੱਬ ਸਾਨੂੰ ਨਹੀਂ ਦਿੰਦਾ, ਪਰ ਅਸੀਂ ਭੁੱਲ ਜਾਂਦੇ ਹਾਂ ਕਿ ਕਮੀ ਸਾਡੇ ਲੈਣ ਵਿੱਚ ਹੈ ਉਨ੍ਹਾਂਦੇ ਦੇਣ ਵਿੱਚ ਨਹੀਂ। ਤਾਹੀਓਂ ਗੁਰਦਾਸ ਜੀ ਨੇ ਇੱਕ ਗੀਤ ਗਾਇਆ ਸੀ, “ਤੈਨੂੰ ਮੰਗਣਾ ਨਾ ਆਵੇ ਤੇ ਫ਼ਕੀਰ ਕੀ ਕਰੇ”।

“ਰਹਿਮਤ ਦਾ ਦਰਿਆ ਇਲਾਹੀ ਹਰ ਦਮ ਵੱਗਦਾ ਤੇਰਾ, ਜੇ ਸਾਈਆਂ ਇੱਕ ਕਤਰਾ ਬਖਸ਼ੇਂ ਤਾਂ ਕੰਮ ਬਣ ਜਾਵੇ ਮੇਰਾ”

ਅਕਸਰ ਦੇਖਿਆ, ਕਿ ਜਿਸ ਵੀ ਇਨਸਾਨ ਨੂੰ ਕਿਸੀ ਚੀਜ਼ ਦੀ ਲੋੜ ਹੁੰਦੀ ਤਾਂ ਸਾਈਂ ਜੀ ਉਸਨੂੰ ਆਪਣੇ ਆਪ ਓਹੀ ਦੇ ਦੇਂਦੇ ਸੀ । ਕਿਸੀ ਨੂੰ ਭੁੱਖ ਲੱਗੀ ਹੋਣੀ ਤੇ ਸਾਈਂ ਜੀ ਨੇ ਉਸਨੂੰ ਖਾਣ ਨੂੰ ਦੇ ਦੇਂਣਾ, ਜਿਸਨੂੰ ਪੈਸੇ ਦੀ ਲੋੜ ਹੁਣੀ , ਉਨ੍ਹਾਂ ਆਪ ਹੀ ਉਸਦੀ ਝੋਲੀ ਕੁੱਛ ਪਾ ਦੇਂਣਾ । ਤੇ ਜੇ ਕੋਈ ਉਦਾਸ ਹੁੰਦਾ ਤੇ ਉਸਨੂੰ ਕੋਈ ਐਸੀ ਬਾਤ ਸੁਣਾ ਦੇਣੀ ਕਿ ਉਸਨੂੰ ਆਪਣਾ ਦੁੱਖ ਭੁੱਲ ਜਾਂਦਾ ਸੀ। ਅੱਜ ਦੇ ਜਮਾਨੇ ਵਿੱਚ ਜੇ ਆਪਣੇ ਦੁੱਖ ਭੁੱਲ ਜਾਣ ਤਾਂ ਹੋਰ ਕੀ ਚਾਹੀਦਾ । ਓਹੀ ਤਾਂ ਸਿਰਫ ਭੁੱਲਦੇ ਨਹੀਂ ਬਾਕੀ ਰੱਬ ਨੂੰ ਜਰੂਰ ਭੁੱਲ ਜਾਂਦੇ ਹਾਂ। ਪਰ ਜੋ ਲੋਕ ਹਰ ਸਾਂਹ ਨਾਲ ਆਪਣੇ ਗੁਰੂ ਪੀਰ ਨੂੰ ਯਾਦ ਰੱਖਦੇ ਨੇ ਤੇ ਉਹਨਾਂ ਦੇ ਰਾਹ ਤੇ ਨਿਵਾਣਤਾ ਨਾਲ ਚੱਲਦੇ ਨੇ ਤਾਂ ਦੇਖਿਆ ਹੈ ਕਿ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਪਰ ਉਨ੍ਹਾਂ ਦੀ ਖੈਰ ਨਹੀਂ ਮੁੱਕਦੀ ।

ਇੱਕ ਵਾਰ ਸਾਈਂ ਜੀ ਬਹੁਤ ਬਿਮਾਰ ਹੋ ਗਏ ਸੀ। ਉਨ੍ਹਾਂ ਦੇ ਜਨੇਊ ਨਿਕਲਿਆ ਹੋਇਆ ਸੀ। ਬਹੁਤ ਘੱਟ ਕਿਸੇ ਨੂੰ ਮਿਲ਼ਦੇ ਸੀ। ਕਰਾਮਤ ਅਲੀ ਕੱਵਾਲ ਮਲੇਰਕੋਟਲੇ ਵਾਲੇ ਉਨ੍ਹਾਂ ਨੂੰ ਮਿਲਣ ਆਏ। ਸਾਈਂ ਜੀ ਨੇ ਉਨ੍ਹਾਂ ਨੂੰ ਅੰਦਰ ਬੁਲਾਇਆ, ਪਹਿਲਾਂ ਇੱਕ 10,000 ਦੀ ਗੱਠੀ ਉਨ੍ਹਾਂ ਦੀ ਝੋਲੀ ਪਾਈ ਤੇ ਪੁੱਛਿਆ ਕੀ ਹਾਲ ਹੈ। ਕੱਵਾਲ ਬੋਲੇ ਬਾਬਾ ਜੀ ਤੁਸੀਂ ਤਾਂ ਸਾਰੀ ਦੁਨੀਆਂ ਨੂੰ ਠੀਕ ਕਰਦੇ ਹੋ, ਤੁਸੀਂ ਆਪ ਬਿਮਾਰ ਕਿਵੇਂ ਹੋ ਗਏ। ਸਾਈਂ ਜੀ ਨੇ ਕੱਵਾਲ ਨੂੰ ਪੁੱਛਿਆ ਤੁਸੀਂ ਅਪਣੀ ਕਮਾਈ ਵਿੱਚੋ ਜੁਕਾਤ ਕਿੰਨਾ ਕੱਢਦੇ ਹੋ। ਉਨ੍ਹਾਂ ਕਿਹਾ "ਇਸਲਾਮ ਵਿੱਚ 2.5% ਦੱਸਿਆ ਗਿਆ ਹੈ, ਤੇ ਕਮਾਈ ਵਿੱਚੋਂ 2.5% ਕੱਢ ਦੇਂਦੇ ਹਾਂ। ਸਾਈਂ ਜੀ ਬੋਲੇ “ਆਪਣੇ ਵਜੂਦ ਦੀ ਵੀ ਜੁਕਾਤ ਹੈ, ਜੋ ਹਰ ਇਨਸਾਨ ਨੂੰ ਕੱਢਣੀ ਪੈਂਦੀ ਹੈ। ਕਹਿੰਦੇ "ਉਹ ਇਨਸਾਨ ਹੀ ਕੀ ਜਿਸਨੇ ਗ਼ਮ ਨਾ ਸਿਹਾ, ਗ਼ਮ ਤਾਂ ਜ਼ਰੂਰੀ ਹੈ ਜ਼ਿੰਦਗੀ ਵਿੱਚ"। ਉਨ੍ਹਾਂ ਇੱਕ 5,000 ਦੀ ਗੱਠੀ ਹੋਰ ਚੱਕੀ ਤੇ ਉਨ੍ਹਾਂ ਦੀ ਝੋਲੀ ਪਾਈ ਤੇ ਜਾਣ ਦੀ ਇਜਾਜ਼ਤ ਦਿੱਤੀ।

ਗੁਰਦਾਸ ਮਾਨ ਜੀ ਸਾਂਈ ਜੀ ਦੇ ਸਬਤੋਂ ਪਿਆਰੇ ਬਣੇ, ਸਾਂਈ ਜੀ ਨੇ 2006 ਮੇਲੇ ਵਿੱਚ ਆਪਣੀ ਪਗੜੀ ਉਤਾਰ ਕੇ ਗੁਰਦਾਸ ਮਾਨ ਜੀ ਦੇ ਸਿਰ ਤੇ ਰੱਖ ਦਿੱਤੀ ਸੀ. ਪਗੜੀ ਆਪਣੇ ਮੁਰੀਦ ਨੂੰ ਦੇਣ ਦਾ ਮਤਲਬ ਹੁੰਦਾ ਕਿ ਗੁਰੂ ਆਪਣਾ ਸਬ ਕੁੱਛ ਆਪਣੇ ਮੁਰੀਦ ਨੂੰ ਅਰਪਿਤ ਕਰ ਦਿੰਦਾ ਹੈ. ਤੇ ਮੁਰੀਦ ਨੂੰ ਸਦਾ ਸਦਾ ਲਈ ਆਪਣਾ ਬਣਾ ਲੈਂਦਾ ਹੈ. ਸਾਈਂ ਜੀ ਨੇ ਗੁਰਦਾਸ ਜੀ ਨੂੰ ਇੱਕ ਛੱਲਾ (ਮੁੰਦੀ) ਵੀ ਦਿੱਤੀ ਸੀ, ਜਿਸਤੇ 786 ਲਿਖਿਆ ਹੋਇਆ ਹੈ। ਤੇ ਕਿਹਾ ਸੀ ਇਸਨੂੰ ਕਦੀ ਲਾਹੀਂ ਨਾ, ਜਿਸ ਨੂੰ ਅੱਜ ਵੀ ਗੁਰਦਾਸ ਜੀ ਨੇ ਉਂਗਲੀ ਵਿੱਚ ਪਾਇਆ ਹੋਇਆ ਹੈ । ਇੱਕ ਵਾਰ ਇੱਕ ਬੰਦੇ ਨੇ ਸਾਈਂ ਜੀ ਨੂੰ ਪੁੱਛਿਆ ਕਹਿੰਦਾ "ਸਾਈਂ ਜੀ ਪਤਾ ਕਿਵੇਂ ਲੱਗਦਾ ਹੈ ਕਿ ਫ਼ਕੀਰੀ ਪੱਕੀ ਹੈ ਕਿ ਕੱਚੀ" ਸਾਈਂ ਜੀ ਕਹਿੰਦੇ "ਜੇ ਮੌਤ ਵੇਲੇ ਯਾਰ ਲੈਣ ਆਜਾਵੇ ਤਾਂ ਪੱਕੀ ਹੈ, ਜੇ ਯਮਰਾਜ ਲੈਣ ਆਜਾਵੇ ਫੇਰ ਕੱਚੀ ਹੈ ", ਸਾਈਂ ਜੀ ਦੇ ਜਵਾਬ ਵੀ ਬਹੁਤ ਵੱਡੀ ਇੱਕ ਸਿੱਖ ਦੇ ਜਾਂਦੇ ਸੀ

“ਮਸਤੋਂ ਕਾ ਝੂਮਨਾ ਭੀ ਬੰਦਗੀ ਸੇ ਕਮ ਨਹੀਂ, ਕਿਸੀ ਕੀ ਯਾਦ ਮੇਂ ਮਾਰਨਾ ਭੀ ਜ਼ਿੰਦਗੀ ਸੇ ਕਮ ਨਹੀਂ”

ਸਾਂਈ ਜੀ ਨੇ ਸ਼ਰੀਰ ਛੱਡਣ ਤੋਂ ਪਹਿਲਾਂ ਹੀ ਆਪਣੀ ਜਗ੍ਹਾਂ ਜ਼ਮੀਨ ਦੇ ਅੰਦਰ ਪਟਵਾ ਕੇ ਰੱਖੀ ਹੋਈ ਸੀ, ਲੋਗ ਆਪਣੇ ਘਰ ੳੱਚੇ ਚੱਕਦੇ ਨੇ, ਪਰ ਆਪਣੀ ਜਗ੍ਹਾਂ ਜ਼ਮੀਨ ਦੇ ਅੰਦਰ, ਇੱਕ ਸਤਗੁਰੂ ਹੀ ਬਣਾ ਸਕਦਾ. ਉਨ੍ਹਾਂ ਨੂੰ ਪਤਾ ਸੀ ਕਿ ਜਾਣਾ. ਸਾਂਈ ਜੀ ਕਹਿੰਦੇ ਹੁੰਦੇ ਸੀ "ਜਦੋਂ ਮੈਂ ਵੇਖਦਾਂ ਰੋਜ਼ਾ ਏਹੋ ਗੱਲ ਯਾਦ ਆਉਂਦੀ ਹੈ, ਚਲੋ ਚਲ ਯਾਦ ਆਉਂਦੀ ਹੈ, ਚਲੋ ਚੱਲ ਯਾਦ ਆਉਂਦੀ ਹੈ" ਦੁਨਿਆਵੀ ਮੋਹ ਮਾਇਆ ਨੂੰ ਛੱਡ ਕੇ ਯਾਰ ਨੂੰ ਮਿਲਣ ਦੀ ਉਡੀਕ.

ਇੱਕ ਦਿਨ ਸਾਈਂ ਜੀ ਸ਼ਾਰਦਾ ਜੀ ਨੂੰ ਕਹਿੰਦੇ, “ਫ਼ਕੀਰ ਚਾਹੇ ਤਾਂ 300 ਸਾਲ ਤੱਕ ਜ਼ਿੰਦਾ ਰਹਿ ਸਕਦਾ ਹੈ, ਤੇ ਜੇਕਰ ਮੰਨ ਉੱਠ ਜਾਵੇ ਤਾਂ 3 ਦਿਨ ਨਾ ਕੱਟੇ। ਫੇਰ ਸੇਵਾਦਾਰਾਂ ਨੂੰ ਬੁਲਾਇਆ ਤੇ ਕਿਹਾ ਕਿ ਕੱਲ ਦਰਬਾਰ ਰੱਸ਼ ਹੋਣਾ, ਗਰਮੀ ਹੈ, ਟੇਂਟ ਵਗੈਰਾ ਲਵਾ ਲਉ ਤੇ ਪਾਣੀ ਦਾ ਇੰਤਜ਼ਾਮ ਕਰ ਲਇਓ। ਸੇਵਾਦਾਰਾਂ ਨੇ ਸੋਚਿਆ ਕਿ ਸਾਈਂ ਜੀ ਪਤਾ ਨਹੀਂ ਇੱਦਾਂ ਕਿਉਂ ਕਹਿ ਰਹੇ ਨੇ, ਜਿਸਦਾ ਸੱਬ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਸਾਈਂ ਜੀ ਪਰਦਾ ਕਰ ਗਏ। 1 ਮਈ 2008 ਨੂੰ ਵੀਰਵਾਰ ਵਾਲੇ ਦਿਨ ਸਾਈਂ ਜੀ ਨੇ ਸ਼ਰੀਰ ਛੱਡ ਦਿੱਤਾ। ਫੇਰ ਸੇਵਾਦਾਰਾਂ ਨੂੰ ਪਤਾ ਲੱਗਿਆ ਸਾਈਂ ਜੀ ਨੇ ਇੰਤਜ਼ਾਮ ਕਰਨ ਦਾ ਕਿਉਂ ਕਿਹਾ ਸੀ, ਕਿਉਂਕਿ ਏਨੀ ਸੰਗਤ ਆਈ ਕਿ ਪੈਰ ਰੱਖਣ ਨੂੰ ਜਗਾਹ ਨਹੀਂ ਸੀ। ਹਰ ਕਿਸੀ ਦੀਆਂ ਅੱਖਾਂ ਨਮ ਸੀ ।

“ਹੁਣ ਤਾਂ ਬਸ ਤੇਰੇ ਆਉਣ ਦਾ ਇੰਤਜ਼ਾਰ ਸੱਜਣਾ ਬਾਕੀ ਹੈ, ਇਹ ਚੱਲਦੇ ਨੇ ਸਾਹੰ ਇਹਦੇ ਲਈ ਹਲੇ ਯਾਰ ਨਾਲ ਮਿੱਲਣਾ ਬਾਕੀ ਹੈ”

ਸਾਈਂ ਜੀ ਦੀ ਮਜ਼ਾਰ ਵੀ ਡੇਰਾ ਬਾਬਾ ਮੁਰਾਦ ਸ਼ਾਹ ਵਿੱਚ ਬਣੀ ਹੋਈ ਹੈ. "ਮੇਰਾ ਲਿੱਖ ਲੈ ਗੁਲਾਮਾਂ ਵਿੱਚ ਨਾਂ" ਸਾਂਈ ਜੀ ਦੀ ਪਸੰਦੀਦਾ ਕ਼ਵਾੱਲੀ ਸੀ. ਸਾਂਈ ਜੀ ਹਮੇਸ਼ਾ ਆਪਣੇ ਆਪ ਨੂੰ ਗੁਲਾਮ ਲਿਖਦੇ ਰਹੇ ਸੀ. ਬਾਪੂ ਜੀ ਅਕਸਰ ਸਾਈਂ ਜੀ ਨੂੰ ਕੁੱਤੇਆ ਕਹਿ ਕੇ ਆਵਾਜ਼ ਮਾਰਦੇ ਸੀ, ਤੇ ਸਾਈਂ ਜੀ ਨੇ ਵੀ ਐਸੀ ਨਿਭਾਈ ਕਿ ਮੂੰਹ ਵਿੱਚ ਬਾਪੂ ਜੀ ਦੀਆਂ ਜੁੱਤੀਆਂ ਲੈਕੇ ਆਉਂਦੇ। ਤਾਹੀਓਂ ਅੱਜ ਸਾਰੀ ਦੁਨੀਆ ਵਿੱਚ ਸਾਈਂ ਸਾਈਂ ਹੈ।

“ਬਿਨਾ ਮੁਰਸ਼ਦਾਂ ਰਾਹ ਨੀ ਹੱਥ ਆਉਂਦੇ ਦੁੱਧਾਂ ਬਾਜ਼ ਨਾ ਰਿੱਝਦੀ ਖੀਰ ਸਾਈਂ, ਸਿੱਦਕ ਧਾਰ ਕੇ ਯਕੀਨ ਆਇਆ ਅਸੀਂ ਚੇਲੜੇ ਤੇ ਤੁਸੀਂ ਪੀਰ ਸਾਈਂ”

ਸਾਂਈ ਜੀ ਦੀ ਬਰਸੀ ਹਰ ਸਾਲ 1 - 2 may ਨੂੰ ਧੂਮ ਧਾਮ ਨਾਲ ਮਨਾਈ ਜਾਂਦੀ ਹੈ, ਇੱਕ ਭਾਰੀ ਮੇਲਾ ਲੱਗਦਾ ਹੈ, ਜਿੱਥੇ ਲਖਾਂ ਵਿੱਚ ਸੰਗਤ ਪਹੁੰਚਦੀ ਹੈ. ਦੇਸ਼ ਦੇ ਹਰ ਕੋਨੇ ਤੋਂ ਹਜ਼ਾਰਾਂ ਸਾਧੂ, ਸੰਤ ਅਤੇ ਵੱਡੇ ਤੋਂ ਵੱਡੇ ਫ਼ਕੀਰ ਵੀ ਸਾਈਂ ਜੀ ਦੇ ਦਰਬਾਰ ਵਿੱਚ ਨਤਮਸਤਕ ਹੋਣ ਆਉਂਦੇ ਨੇ। ਤੇ ਸਾਈਂ ਜੀ ਅੱਗੇ ਅਰਦਾਸ ਕਰਦੇ ਨੇ ਕਿ ਉਨ੍ਹਾਂ ਦੀ ਫ਼ਕੀਰੀ ਵਿੱਚ ਅਸਰ ਪਵੇ।

“ਰੱਬ ਦਾ ਬੱਨਿਆ ਸੰਗਲਾਂ ਨਾਲ ਫ਼ਕੀਰ ਆਣ ਛੁਡਾਵੇ, ਫ਼ਕੀਰ ਦਾ ਬੱਨਿਆ ਧਾਗੇ ਨਾਲ ਰੱਬ ਵੀ ਨਾ ਖੋਲ ਪਾਵੈ”

ਫ਼ਕੀਰੀ ਸੌਖੀ ਨਹੀਂ, ਆਪਣੇ ਆਪ ਨੂੰ ਮਿਟਾ ਕੇ ਗੁਰੂ ਦੇ ਕਬੂਲ ਹੋਣਾ ਪੈਂਦਾ ਹੈ, ਫੇਰ ਜਾਕੇ ਰੱਬ ਤੋਂ ਵੀ ਉੱਪਰ ਦੇ ਰੁਤਬੇ ਮੁਰੀਦ ਪਾਉਂਦਾ ਹੈ, ਜਿਸ ਲਈ ਰੱਬ ਅਲਫਾਜ਼ ਵੀ ਫੇਰ ਛੋਟਾ ਪੈ ਜਾਂਦਾ ਹੈ।

“ ਝੋਲੀ ਭਰ ਦੇਊਂ ਮੁਰਾਦਾਂ ਨਾਲ ਤੇਰੀ, ਤੂੰ ਸੱਚੇ ਦਿਲੋਂ ਦੇਖ ਮੰਗ ਕੇ ”