MENU

Dera Baba Murad

  ਜੈ ਬਾਬਾ ਸ਼ੇਰੇ ਸ਼ਾਹ ਜੀ | ਜੈ ਬਾਬਾ ਮੁਰਾਦ ਸ਼ਾਹ ਜੀ | ਜੈ ਬਾਬਾ ਲਾਡੀ ਸ਼ਾਹ ਜੀ

 

ਨਕੋਦਰ ਸ਼ਹਿਰ ਜਿਸ ਨੂੰ ਪੀਰਾਂ ਫ਼ਕ਼ੀਰਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ. ਨ-ਕੋ-ਦਰ ਜਿਸ ਦਾ ਮਤਲਬ ਹੀ ਹੈ ਇਸ ਵਰਗਾ "ਨਾ ਕੋਈ ਦਰ", ਜਿੱਥੇ ਬ੍ਰਹਮ ਗਿਆਨੀਆਂ ਨੇ ਜਨਮ ਲਿਆ ਤੇ ਇਸ ਧਰਤੀ ਨੂੰ ਭਾਗ ਲੱਗ ਗਏ. ਆਜ਼ਾਦੀ ਤੋ ਪਹਿਲਾਂ ਦੀ ਗੱਲ ਹੈ ਇੱਕ ਫ਼ਕ਼ੀਰ ਬਾਬਾ ਸ਼ੇਰੇ ਸ਼ਾਹ ਜੀ ਪਾਕਿਸਤਾਨ ਤੋਂ ਪੰਜਾਬ ਆਏ. ਜਿਨ੍ਹਾਂ ਰਹਿਣ ਲਈ ਨਕੋਦਰ ਦੀ ਧਰਤੀ ਨੂੰ ਚੁਣਿਆ, ਜੋ ਵੀਰਾਨਿਆਂ ਤੇ ਜੰਗਲਾਂ ਵਿੱਚ ਹੀ ਰਹਿਣਾ ਪਸੰਦ ਕਰਦੇ ਸੀ. ਬਾਬਾ ਜੀ ਕਿਸੇ ਨੂੰ ਆਪਣੇ ਕੋਲ ਆਉਣ ਤੋਂ ਰੋਕਦੇ ਸੀ ਤਾਂ ਜੋ ਉਨ੍ਹਾਂ ਦੀ ਇਬਾਦਤ ਵਿੱਚ ਵਿਘਨ ਨਾ ਪਵੇ, ਤੇ ਕਦੇ ਕਦੇ ਛੋਟੇ ਪੱਥਰ ਵੀ ਮਾਰਦੇ ਤਾਂ ਜੋ ਲੋਕ ਉਨ੍ਹਾਂ ਨੂੰ ਪਾਗਲ ਸਮਝਕੇ ਉਨ੍ਹਾਂ ਕੋਲ ਨਾ ਆਉਣ. ਓਹ ਆਪਣਾ ਜਿਆਦਾ ਤਰ ਵਕ਼ਤ ਰੱਬ ਦੀ ਇਬਾਦਤ ਵਿੱਚ ਹੀ ਲਗਾਉਂਦੇ ਸੀ ਤੇ ਵਾਰਿਸ ਸ਼ਾਹ ਦੀ ਹੀਰ ਪੜ੍ਹਦੇ ਹੁੰਦੇ ਸੀ |

ਨਕੋਦਰ ਸ਼ਹਿਰ ਵਿੱਚ ਇੱਕ ਜੈਲਦਾਰਾਂ ਦਾ ਪਰਿਵਾਰ ਵੀ ਸੀ ਜੋ ਪੀਰਾਂ ਫ਼ਕ਼ੀਰਾਂ ਦੀ ਸੇਵਾ ਲਈ ਸਦਾ ਤਤਪਰ ਰਹਿੰਦੇ ਸੀ. ਇੱਕ ਵਾਰ ਉਨ੍ਹਾਂ ਦੇ ਘਰ ਇੱਕ ਫ਼ਕ਼ੀਰ ਆਏ ਜਿਨ੍ਹਾਂ ਦੀ ਉਨ੍ਹਾਂ ਨੇ ਬਹੁਤ ਸੇਵਾ ਕੀਤੀ ਤੇ ਫ਼ਕ਼ੀਰ ਨੇ ਖੁਸ਼ ਹੋਕੇ ਕਿਹਾ "ਮਾਂਗੋ ਜੋ ਮਾਂਗਨਾ ਚਾਹੋ" ਉਨ੍ਹਾਂ ਕਿਹਾ ਕੀ ਰੱਬ ਦਾ ਦਿੱਤਾ ਸਬ ਕੁੱਛ ਹੈ ਬਸ ਇੱਕ ਰੱਬ ਦਾ ਨਾਂ ਚਾਹਿਦਾ, ਫ਼ਕ਼ੀਰ ਨੇ ਕਿਹਾ "ਏਕ ਨਹੀਂ ਬਲਕੀ ਦੋ ਭਗਵਾਨ ਕਾ ਨਾਮ ਲੇਨੇ ਵਾਲੇ ਤੁਮ੍ਹਾਰੇ ਪੈਦਾ ਹੋਂਗੇ". ਉਸ ਪਰਿਵਾਰ ਵਿੱਚ ਜਲਦ ਹੀ ਇੱਕ ਬੱਚੇ ਨੇ ਜਨਮ ਲਿਆ ਜਿਸਦਾ ਨਾਮ ਵਿਦਿਆ ਸਾਗਰ ਰੱਖਿਆ ਗਿਆ, ਜਿਨ੍ਹਾਂ ਨੂੰ ਅੱਜ ਅਸੀਂ ਬਾਬਾ ਮੁਰਾਦ ਸ਼ਾਹ ਜੀ ਦੇ ਨਾਮ ਨਾਲ ਜਾਣਦੇ ਹਾਂ. ਬਾਬਾ ਜੀ ਹੋਣੀ ਤਿੰਨ ਭਰਾ ਸੀ, ਬਾਬਾ ਜੀ ਸਭਤੋਂ ਛੋਟੇ ਸੀ, ਬਾਬਾ ਜੀ ਪੜ੍ਹਾਈ ਲਿਖਾਈ ਵਿੱਚ ਬਹੁਤ ਹੋਸ਼ਿਆਰ ਸੀ ਤੇ ਉਸ ਜ਼ਮਾਨੇ ਵਿੱਚ ਵੀ ਬਹੁਤ ਅੱਗੇ ਤਕ ਪੜ੍ਹੇ. ਪੜ੍ਹਾਈ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੇ ਨੌਕਰੀ ਸ਼ੁਰੂ ਕਰ ਦਿੱਤੀ, ਬਾਬਾ ਜੀ ਬਿਜਲੀ ਬੋਰਡ ਦਿੱਲੀ ਦੇ ਵਿੱਚ S.D.O ਦੇ ਅਹੁਦੇ ਤੇ ਕੰਮ ਕਰਦੇ ਸੀ.

ਜਿੱਥੇ ਬਾਬਾ ਜੀ ਕੰਮ ਕਰਦੇ ਸੀ ਉੱਥੇ ਉਨ੍ਹਾਂ ਨਾਲ ਇੱਕ ਮੁਸਲਮਾਨ ਲੜਕੀ ਵੀ ਕੰਮ ਕਰਦੀ ਸੀ. ਬਾਬਾ ਮੁਰਾਦ ਸ਼ਾਹ ਜੀ ਓਸ ਨਾਲ ਰੂਹਾਨੀ ਪਿਆਰ ਕਰਦੇ ਸੀ, ਇੱਕ ਦਿਨ ਉਸ ਲੜਕੀ ਦੀ ਸ਼ਾਦੀ ਪੱਕੀ ਹੋ ਗਈ ਤੇ ਓਹ ਬਾਬਾ ਮੁਰਾਦ ਸ਼ਾਹ ਜੀ ਨੂੰ ਕਹਿੰਦੀ ਕੀ ਜੇ ਤੂੰ ਮੇਰੇ ਨਾਲ ਵਿਆਹ ਕਰਵਾਉਣਾ ਤਾਂ ਪਹਿਲਾਂ ਮੁਸਲਮਾਨ ਬਣਜਾ. ਇਹ ਸੁਣ ਕੇ ਬਾਬਾ ਜੀ ਨੇ ਘਰ ਵਾਪਿਸ ਜਾਣ ਦਾ ਫੈਸਲਾ ਕੀਤਾ. ਨੌਕਰੀ ਛੱਡਤੀ ਤੇ ਇੱਕ ਤਰ੍ਹਾਂ ਨਾਲ ਦੁਨੀਆ ਦੀ ਹਰ ਚੀਜ਼ ਨਾਲ ਮੋਹ ਟੁੱਟ ਗਿਆ. ਉਨ੍ਹਾਂ ਨੇ ਵਾਰਿਸ ਸ਼ਾਹ ਦੀ ਹੀਰ ਕਿਤਾਬ ਖਰੀਦੀ ਤੇ ਹੀਰ ਪੜ੍ਹਦੇ ਪੜ੍ਹਦੇ ਆਪਣੇ ਸ਼ਹਿਰ ਨਕੋਦਰ ਵੱਲ ਪੈਦਲ ਹੀ ਚੱਲ ਪਏ, ਅਤੇ ਰਸਤੇ ਵਿਚ੍ਹ ਜਿੰਨ੍ਹੇ ਵੀ ਧਾਰਮਿਕ ਸਥਾਨ ਆਏ ਉੱਥੇ ਮੱਥਾ ਟੇਕਦੇ ਹੋਏ ਨਕੋਦਰ ਪਹੁੰਚ ਗਏ. ਜਦੋਂ ਘਰ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਬਾਬਾ ਸ਼ੇਰੇ ਸ਼ਾਹ ਜੀ ਦੇ ਦਰਸ਼ਨ ਹੋਏ. ਸ਼ੇਰੇ ਸ਼ਾਹ ਜੀ ਨੇ ਆਵਾਜ਼ ਮਾਰੀ “ਓਹ੍ਹ ਵਿਦਿਆ ਸਾਗਰ ਕਿੱਥੇ ਚੱਲਾਂ ?”. ਬਾਬਾ ਜੀ ਨੇ ਸੋਚਿਆ ਇਹ ਕੋਈ ਰੁਹਾਨੀ ਬੰਦਾ ਲਗਦਾ ਬਾਬਾ ਜੀ ਕੋਲ ਗਏ ਤਾਂ ਸ਼ੇਰੇ ਸ਼ਾਹ ਜੀ ਕਹਿੰਦੇ "ਕਿਓਂ ਫਿਰ ਮੁਸਲਮਾਨ ਬਣਨਾ ?" ਬਾਬਾ ਜੀ ਕਹਿੰਦੇ ਹਾਂਜੀ ਬਣਨਾ. ਸ਼ੇਰੇ ਸ਼ਾਹ ਜੀ ਕਹਿੰਦੇ “ਜਾ ਫੇਰ ਇੱਕ ਵਾਰ ਆਪਣੇ ਘਰਦਿਆਂ ਨੂੰ ਮਿਲ ਆ ਤੇ ਆਕੇ ਟੁੱਟੀ ਪਿਆਰ ਦੀ ਤਾਰ ਨੂੰ ਰੱਬ ਨਾਲ ਜੋੜਲੈ, ਫਿਰ ਨਾ ਮੁਸਲਮਾਨ ਦੀ ਲੋੜ ਤੇ ਨਾ ਹਿੰਦੂ ਦੀ”. ਬਾਬਾ ਮੁਰਾਦ ਸ਼ਾਹ ਜੀ ਘਰ ਜਾ ਕੇ ਸਾਰਿਆਂ ਨੂੰ ਮਿਲ ਆਏ ਤੇ ਸ਼ੇਰੇ ਸ਼ਾਹ ਜੀ ਕੋਲ ਹੀ ਰਿਹਕੇ ਉਨ੍ਹਾਂ ਦੀ ਸੇਵਾ ਕਰਨ ਲੱਗੇ. ਬਾਬਾ ਸ਼ੇਰੇ ਸ਼ਾਹ ਜੀ ਵੱਲੋਂ ਉਨ੍ਹਾਂ ਨੂੰ ਕਾਫੀ ਇਮਤਿਹਾਨ ਦੇਣੇ ਪਏ ਪਰ ਓਹ ਸਾਰੇ ਪਾਸ ਕਰਦੇ ਗਏ ਤੇ ਉਨ੍ਹਾਂ ਦੇ ਸਬਤੋਂ ਪਿਆਰੇ ਬਣ ਗਏ. ਪਰ ਲੋਕਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਨੌਕਰੀ ਛੱਡ ਕੇ ਜੈਲਦਾਰਾਂ ਦਾ ਮੁੰਡਾ ਇੱਕ ਫਕ਼ੀਰ ਦੇ ਮਗਰ ਲੱਗ ਗਿਆ, ਇਹ ਸੁਣਕੇ ਬਾਬਾ ਜੀ ਦੇ ਵੱਡੇ ਭਰਾ ਉਨ੍ਹਾਂ ਨੂੰ ਅਕਸਰ ਫੜ ਕੇ ਘਰ ਲੈ ਆਉਂਦੇ ਤੇ ਕਦੀ ਕਦੀ ਹੱਥ ਵੀ ਚੁੱਕਦੇ. ਬਾਬਾ ਜੀ ਨੇ ਕਈ ਵਾਰ ਮਨ੍ਹਾਂ ਕੀਤਾ ਤੇ ਕਿਹਾ "ਲਾਲਾ ਹੱਥ ਨੀ ਚੁੱਕਣਾ" ਪਰ ਬਾਬਾ ਜੀ ਦੇ ਭਰਾ ਨਹੀਂ ਮੰਨੇ, ਬਾਬਾ ਜੀ ਨੇ ਅਖੀਰ ਕਿਹਾ "ਠੀਕ ਹੈ ਲਾਲਾ ਫੇਰ ਤੂੰ ਇੱਦਾਂ ਨੀ ਮੰਨਣਾ, ਹੁਣ ਤੇਨੂੰ ਫੇਰ ਦੇਖਾਂਗੇ ਕੁੱਟਦੇ ਨੂੰ ਜਦ ਤੇਰੇ ਪੁੱਤ ਤੇਰੀ ਅੱਖ਼ਾਂ ਦੇ ਸਾਹਮਣੇ ਫਕ਼ੀਰ ਬਣਨਗੇ" ਫਕ਼ੀਰਾਂ ਦੇ ਮੁੰਹ ਦੇ ਬੋਲ ਹਮੇਸ਼ਾ ਅਟਲ ਹੁੰਦੇ ਨੇ. ਬਾਬਾ ਜੀ ਇਹ ਕਿਹਕੇ ਫੇਰ ਸ਼ੇਰੇ ਸ਼ਾਹ ਜੀ ਕੋਲ ਚਲੇ ਗਏ.

ਇੱਦਾਂ ਹੀ ਚੱਲਦਾ ਰਿਹਾ ਆਜ਼ਾਦੀ ਤੋਂ ਕੁਛ੍ਹ ਸਾਲ ਬਾਅਦ ਇੱਕ ਦਿਨ ਸ਼ੇਰੇ ਸ਼ਾਹ ਜੀ ਦਾ ਪੁੱਤ ਤੇ ਨੂੰਹ ਉਨ੍ਹਾਂ ਨੂੰ ਵਾਪਸ ਲੈਕੇ ਜਾਣ ਲਈ ਆ ਗਏ. ਤਾਂ ਸ਼ੇਰੇ ਸ਼ਾਹ ਜੀ ਨੇ ਕਿਹਾ ਮੈਨੂੰ ਲੇਕੇ ਜਾਣ ਤੋਂ ਪਹਿਲਾਂ ਵਿਦਿਆ ਸਾਗਰ ਨੂੰ ਪੁੱਛ ਲਵੋ. ਬਾਬਾ ਜੀ ਕਹਿੰਦੇ “ਤੁਹਾਡੇ ਪਿਤਾ ਜੀ ਹਨ, ਮੈਂ ਕੀਵੇਂ ਮਨਾ ਕਰ ਸਕਦਾਂ, ਜਿੱਦਾਂ ਤੁਸੀਂ ਠੀਕ ਸਮਝੋ”. ਫੇਰ ਬਾਬਾ ਜੀ ਸ਼ੇਰੇ ਸ਼ਾਹ ਜੀ ਨੂੰ ਕਹਿੰਦੇ “ਪਰ ਤੁਸੀਂ ਮੈਨੂੰ ਬਹੁਤ ਯਾਦ ਆਓੰਗੇ”. ਸ਼ੇਰੇ ਸ਼ਾਹ ਜੀ ਕਹਿੰਦੇ ਜਦੋਂ ਵੀ ਤੂੰ ਮੈਨੂੰ ਯਾਦ ਕਰਿਆ ਕਰੇਂਗਾ ਮੈਂ ਤੇਨੂੰ ਮਿਲਣ ਆ ਜਾਵਾਂਗਾ. ਫੇਰ ਜਦੋਂ ਸ਼ੇਰੇ ਸ਼ਾਹ ਜੀ ਜਾਣ ਲੱਗੇ ਤਾਂ ਬਾਬਾ ਜੀ ਨੂੰ ਕੋਲ ਬੁਲਾਇਆ ਤੇ ਕਿਹਾ “ਮੇਰੇ ਤੋਂ ਬਾਅਦ ਦੁਨਿਆ ਤੈਨੂੰ ਯਾਦ ਰੱਖੇਗੀ, ਤੇਰਾ ਨਾਮ ਰਹਿੰਦੀ ਦੁਨੀਆ ਤਕ ਆਬਾਦ ਰਹੇਗਾ, ਤੂੰ ਮੇਰੀ ਪੀਢ਼ਿ ਦਾ ਵਾਰਿਸ ਹੈਂ, ਅੱਜ ਤੋ ਬਾਅਦ ਤੇਰਾ ਨਾਮ ਮੁਰਾਦ ਸ਼ਾਹ ਹੋਵੇਗਾ ਤੇ ਜੋ ਵੀ ਤੇਰੇ ਦਰ ਤੇ ਆਏਗਾ ਮੂੰਹ ਮੰਗੀਆਂ ਮੁਰਾਦਾਂ ਪਾਏਗਾ”.

 

“ਝੋਲੀ ਭਰ ਦੇਊਂ ਮੁਰਾਦਾਂ ਨਾਲ ਤੇਰੀ, ਤੂੰ ਸੱਚੇ ਦਿਲੋਂ ਦੇਖ ਮੰਗ ਕੇ”