MENU

Dera Baba Murad

  ਜੈ ਬਾਬਾ ਸ਼ੇਰੇ ਸ਼ਾਹ ਜੀ | ਜੈ ਬਾਬਾ ਮੁਰਾਦ ਸ਼ਾਹ ਜੀ | ਜੈ ਬਾਬਾ ਲਾਡੀ ਸ਼ਾਹ ਜੀ

 

ਦਾਤਾ ਅਲੀ ਅਹਿਮਦ ਸਾਹਬ (ਮੰਢਾਲੀ ਵਾਲੇ) ਨਾਲ ਵੀ ਸਾਈਂ ਜੀ ਦਾ ਬਹੁਤ ਪਿਆਰ ਸੀ, ਉਹ ਵੀ ਬਹੁਤ ਵੱਡੇ ਫ਼ਕੀਰ ਸੀ , ਜਿਨ੍ਹਾਂਨੇ ਪੈਰਾਂ ਦੀ ਅੱਗ ਬਾਲਕੇ ਆਪਣੇ ਮੁਰਸ਼ਦ ਨੂੰ ਚਾਹ ਪਿਲਾਈ ਸੀ, ਉਹ ਅਕਸਰ ਸਾਈਂ ਜੀ ਕੋਲ ਆਉਂਦੇ ਹੁੰਦੇ ਸੀ, ਸਾਈਂ ਜੀ ਨੂੰ ਬਹੁਤ ਲੋਕ ਸੱਦਾ ਦੇਕੇ ਜਾਉਂਦੇ ਸੀ ਕਿ ਬਾਬਾ ਜੀ ਸਾਡੇ ਘਰ ਆਉਣਾ, ਕੋਈ ਕਹਿੰਦਾ ਸੀ ਸਾਡੀ ਦੁਕਾਨ ਤੇ ਆਉਣਾ, ਤਾਂ ਸਾਈਂ ਜੀ ਘੁੰਮਦੇ ਰਹਿੰਦੇ ਸੀ , ਇੱਕ ਦਿਨ ਅਲੀ ਅਹਿਮਦ ਸਾਹਬ ਨੇ ਸਾਈਂ ਜੀ ਨੂੰ ਕਿਹਾ "ਸਾਈਂ ਜੀ ਹੁਣ ਲਾਗੇ ਹੋਕੇ ਬਹਿ ਵੀ ਜਾਓ ਯਾਰ ਦੇ " ਸਾਈਂ ਜੀ ਦਾ ਇੱਕ ਕਮਰਾ ਸੀ ਦਰਬਾਰ ਦੇ ਅੰਦਰ, ਸਾਈਂ ਜੀ 5 ਸਾਲ ਉਸੀ ਕਮਰੇ ਵਿੱਚ ਰਹੇ, ਕਮਰੇ ਤੋਂ ਬਾਹਰ ਪੈਰ ਵੀ ਨਹੀਂ ਰੱਖਿਆ, ਨਹਾਉਣਾ ਵੀ ਉੱਥੇ ਹੀ, ਤੇ ਬੰਦਗੀ ਵੀ ਉੱਥੇ ਹੀ, ਅਤੇ ਸਹਿਜ ਨਾਲ ਸਮਾਂ ਬਿਤਾ ਲਿਆ, ਫ਼ਕੀਰਾਂ ਦੀਆਂ ਰਮਜ਼ਾਂ ਵੱਖਰੀਆਂ ਹੀ ਹੁੰਦੀਆਂ ਨੇ, ਜਿਨ੍ਹਾਂ ਵਿੱਚ ਆਪਣੇ ਮੁਰਸ਼ਦ ਤੋਂ ਬਿਨ੍ਹਾਂ ਹੋਰ ਕਿਸੀ ਚੀਜ਼ ਦੀ ਗ਼ਰਜ਼ ਨਹੀਂ ਹੁੰਦੀ।

ਇੱਕ ਵਾਰ 1984 ਦੀ ਗੱਲ ਹੈ, ਪੰਜਾਬ ਵਿੱਚ ਮਹੌਲ ਖ਼ਰਾਬ ਸੀ, ਮੰਢਾਲੀ ਦਰਬਾਰ ਮੇਲਾ ਵੀ ਸੀ । ਸਾਈਂ ਜੀ ਆਪਣੇ ਡਰਾਈਵਰ ਨਾਲ ਮੰਢਾਲੀ ਵੱਲ ਨਿਕਲ ਪਏ । ਉਸ ਸਮੇਂ ਨੂਰਮਹਿਲ ਵਾਲੀ ਸੜਕ ਟੁੱਟੀ ਸੀ ਤੇ ਬਣਦੀ ਪਈ ਸੀ, ਜਿਸਤੇ ਬਹੁਤ ਮਜ਼ਦੂਰ ਕੰਮ ਕਰ ਰਹੇ ਸੀ। ਡਰਾਈਵਰ ਨੇ ਸਾਈਂ ਜੀ ਨੂੰ ਕਿਹਾ ਕਿ "ਸਾਈਂ ਜੀ, ਸਾਡੇ ਨਾਲ ਕੋਈ ਬੰਦਾ ਵੀ ਨਹੀਂ ਹੈ, ਤੇ ਗੱਡੀ ਵਿੱਚ ਪੈਸੇ ਵੀ ਬਹੁਤ ਪਏ ਨੇ , ਅਸੀਂ ਵਾਪਿਸ ਚੱਲੀਏ ਕੋਈ ਚੋਰ ਸਾਨੂੰ ਲੁੱਟ ਨਾ ਲਵੇ "। ਸਾਈਂ ਜੀ ਕਹਿੰਦੇ "ਠੀਕ ਹੈ ਡਿੱਗੀ ਖੋਲ, ਫੇਰ ਸਾਈਂ ਜੀ ਨੇ ਬੈਗ ਖੋਲਿਆ ਤੇ ਜਿੰਨੇ ਵੀ ਮਜਦੂਰ ਕੰਮ ਕਰ ਰਹੇ ਸੀ , ਕੋਈ ਰੋਟੀ ਪਕਾ ਰਿਹਾ ਸੀ, ਕੋਈ ਆਪਣੇ ਬੱਚਿਆਂ ਨਾਲ ਖੇਲ ਰਿਹਾ ਸੀ ।" ਸਭ ਨੂੰ ਨੋਟ ਵੰਡਦੇ ਹੀ ਗਏ। ਜਦੋਂ ਪੈਸੇ ਖਤਮ ਹੋ ਗਏ ਤਾਂ ਡਰਾਈਵਰ ਨੂੰ ਹੱਸ ਕੈ ਪੁੱਛਿਆ ਕਹਿੰਦੇ "ਹੁਣ ਤਾਂ ਨਾ ਕੋਈ ਚੋਰ ਲੁੱਟੂ ?" ਕਹਿੰਦੇ ਚੱਲ ਫੇਰ, ਜੇ ਜਾਣਾ ਹੈ ਤਾਂ ਜਾਣਾ । ਫ਼ਕੀਰ ਆਪਣੀ ਮੌਜ ਦੇ ਮਾਲਕ ਹੁੰਦੇ ਨੇ ।

“ਡਰ ਉਸਨੂੰ ਹਸ਼ਰ ਦਾ ਕੀ ਯਾਰੋਂ ਜਿਹਦੀ ਅੱਖ ਲਾਡੀ ਸਾਈਂ ਨਾਲ ਲੜੀ ਹੋਵੇ, ਦਾਮਨ ਮੁਰਸ਼ਦ ਦਾ ਜੇਕਰ ਹੱਥ ਹੋਵੇ, ਗੁੱਡੀ ਕਿਉਂ ਨਾ ਉਸਦੀ ਚੜ੍ਹੀ ਹੋਵੇ “

ਜਦੋ ਸਾਈਂ ਜੀ ਵਰਿੱਧ ਅਵਸਥਾ ਵਿੱਚ ਸੀ ਤਾਂ ਇੱਕ ਦਿਨ ਸਾਈਂ ਜੀ ਗੁਰਦਾਸ ਜੀ ਨੂੰ ਕਹਿੰਦੇ "ਗੁਰਦਾਸ ਯਾਰ ਅੱਜ ਕੱਲ ਲੋਕ ਕਹਿੰਦੇ ਨੇ ਬਾਬਿਆਂ ਵਿੱਚ ਹੁਣ ਉਹ ਕਰੰਟ ਨਹੀਂ ਰਿਹਾ, ਕਹਿੰਦੇ ਸਾਨੂੰ ਬਿਜਲੀ ਦਾ ਖ਼ਮਬਾ ਹੀ ਸਮਝੀ ਫਿਰਦੇ ਨੇ " ਕਰੰਟ ਤਾਂ ਉਨ੍ਹਾਂ ਦੀ ਅੱਖ ਦਾ ਹੈ, ਉਹ ਸਾਹਮਣੇ ਹਾਜ਼ਰ ਹੋਣ ਜਾਂ ਨਾ ਹੋਣ, ਸ਼ਰੀਰ ਕਮਜ਼ੋਰ ਚਾਹੇ ਹੋ ਜਾਵੇ ਪਰ ਦੇਣਾ ਫ਼ਕੀਰ ਨੇ ਇੱਕ ਨਜ਼ਰ ਨਾਲ ਹੀ ਹੁੰਦਾ ਹੈ।

“ਹੱਥ ਦੀਆਂ ਲਕੀਰਾਂ ਚੰਗੀਆਂ ਨਾ ਹੋਣ ਤਾਂ ਕਿਸਮਤ ਚੰਗੀ ਨਹੀਂ ਹੁੰਦੀ, ਪਰ ਜੇ ਸਿਰ ਤੇ ਹੱਥ ਲਾਡੀ ਸਾਈਂ ਦਾ ਹੋਵੇ ਤਾਂ ਲਕੀਰਾਂ ਦੀ ਜ਼ਰੂਰਤ ਹੀ ਨਹੀਂ ਹੁੰਦੀ.”

ਸਾਂਈ ਜੀ ਵਰਿੱਧ ਅਵਸਥਾ ਵੇਲੇ ਮੇਲੇ ਵਿੱਚ ਇੱਕ ਜਾਂ ਦੋ ਵਾਰ ਹੀ ਦਰਸ਼ਨ ਦੇਣ ਆਉਂਦੇ ਸੀ, ਇੱਕ ਵਾਰ ਸਾਂਈ ਜੀ ਪੌੜੀਆਂ ਚੜ ਰਹੇ ਸੀ ਤਾਂ ਬਹੁਤ ਨੀਵੇਂ ਹੋਕੇ ਚੜ ਰਹੇ ਸੀ, ਇੱਕ ਸੇਵਾਦਾਰ ਨੇ ਹੱਥ ਬੰਨਕੇ ਕਿਹਾ ਸਾਂਈ ਜੀ ਥੋੜਾ ਸਿੱਧੇ ਹੋਕੇ ਚਲੋ, ਸਾਂਈ ਜੀ ਕਹਿੰਦੇ “ਕਾਕਾ ਅਸੀਂ ਜੋ ਵੀ ਖੱਟਿਆ ਨੀਵੇਂ ਹੋਕੇ ਹੀ ਖੱਟਿਆ”. ਉਨ੍ਹਾਂ ਇੱਕ ਹੀ ਨੁਕਤੇ ਵਿੱਚ ਸੱਬ ਕਹਿ ਦਿੱਤਾ. ਸਾਂਈ ਜੀ ਹਰ ਮੋੜ ਤੇ ਕੋਈ ਨਾ ਕੋਈ ਸਿੱਖਿਆ ਦੇ ਜਾਂਦੇ ਸੀ, ਇਸ ਫਕ਼ੀਰ ਦੀ ਅਜਮਾਇਸ਼ ਲਈ ਬਹੁਤ ਲੋਗ ਆਏ ਤੇ ਸਬ ਨਤਮਸਤਕ ਹੋਕੇ ਗਏ, ਇੱਕ ਵਾਰ ਇੱਕ ਬੰਦੇ ਨੇ ਸਾਂਈ ਜੀ ਨੂੰ ਸਵਾਲ ਕੀਤਾ ਕਹਿੰਦਾ, ਬਾਬਾ ਜੀ ਪਿਆਰ ਦਾ ਕੀ ਮਤਲਬ ਹੈ, ਸਾਂਈ ਜੀ ਕਹਿੰਦੇ “ਜਿੱਥੇ ਮਤਲਬ ਆਜੇ ਉਥੇ ਪਿਆਰ ਨਹੀਂ ਹੁੰਦਾ”. ਸਾਈਂ ਜੀ ਹਮੇਸ਼ਾ ਕਹਿੰਦੇ ਸੀ ਕਿ ਰੱਬ ਵੀ ਉਨ੍ਹਾਂ ਦਾ ਮੱਦਦਗਾਰ ਹੈ ਜੋ ਆਪਣੇ ਤੇ ਭਰੋਸਾ ਰੱਖਦੇ ਨੇ ਤੇ ਸੱਚੀ ਨੀਅਤ ਨਾਲ ਮੇਹਨਤ ਕਰਦੇ ਨੇ, ਕਈਂ ਵਾਰ ਲੋਗ ਸਾਈਂ ਜੀ ਨੂੰ ਕਹਿੰਦੇ ਕਿ ਸਾਈਂ ਜੀ ਸਾਡੇ ਤੇ ਕਿਰਪਾ ਕਰਨਾ, ਸਾਈਂ ਜੀ ਉਨ੍ਹਾਂ ਨੂੰ ਕਹਿੰਦੇ " ਤੁਸੀਂ ਕੋਸ਼ਿਸ਼ ਕਰਨਾ, ਅਸੀਂ ਕਸ਼ਿਸ਼ ਕਰਾਂਗੇ"।


ਇੱਕ ਵਾਰ ਇੱਕ ਭੋਲਾ ਇਨਸਾਨ ਦਰਬਾਰ ਆਇਆ, ਸਾਈਂ ਜੀ ਬਾਹਰ ਅੱਗ ਸੇਕ ਰਹੇ ਸੀ। ਉਸਨੇ ਸਾਈਂ ਜੀ ਨੂੰ ਪੁੱਛਿਆ ਕਹਿੰਦਾ “ਬਾਬਾ ਜੀ ਨੂੰ ਮਿਲਣਾ ਹੈ ” ਸਾਈਂ ਜੀ ਨੇ ਬਾਬਾ ਮੁਰਾਦ ਸ਼ਾਹ ਜੀ ਦੇ ਦਰਬਾਰ ਵੱਲ ਇਸ਼ਾਰਾ ਕੀਤਾ, ਉਹ ਇਨਸਾਨ ਅੰਦਰ ਚਲਾ ਗਿਆ ਤੇ ਮੱਥਾ ਟੇਕ ਕੇ ਬਾਹਰ ਆਇਆ, ਫੇਰ ਪੁੱਛਿਆ ਕਹਿੰਦਾ ਬਾਬਾ ਜੀ ਤਾਂ ਮਿਲੇ ਨਹੀਂ, ਇੱਥੇ ਬਾਬਾ ਜੀ ਕੌਣ ਨੇ, ਸਾਈਂ ਜੀ ਨੇ ਫੇਰ ਬਾਬਾ ਮੁਰਾਦ ਸ਼ਾਹ ਜੀ ਦੇ ਦਰਬਾਰ ਵੱਲ ਇਸ਼ਾਰਾ ਕੀਤਾ, ਉਹ ਫੇਰ ਮੱਥਾ ਟੇਕ ਕੇ ਬਾਹਰ ਆ ਗਿਆ, ਉਸਨੇ ਦੇਖਿਆ ਇੱਕ ਇਨਸਾਨ ਸਾਈਂ ਜੀ ਲਈ ਮਿਠਾਈ ਲੈਕੇ ਆਇਆ ਸੀ ਤੇ ਸਾਈਂ ਜੀ ਦੇ ਚਰਨ ਫੜ ਰਿਹਾ ਸੀ, ਫੇਰ ਉਸਨੂੰ ਪਤਾ ਲੱਗਾ ਕਿ ਇਹੀ ਬਾਬਾ ਜੀ ਨੇ, ਉਹ ਵੀ ਕੋਲ ਜਾਕੇ ਬੈਠ ਗਿਆ। ਦੂਸਰੇ ਇਨਸਾਨ ਨੇ ਬਾਬਾ ਨੂੰ ਮਿਠਾਈ ਖਿਲਾਈ ਤੇ ਕਿਹਾ, ਬਾਬਾ ਜੀ ਮੇਰਾ ਬਾਹਰ ਦਾ ਵੀਜ਼ਾ ਲੱਗ ਗਿਆ, ਇਹ ਦੇਖੋ ਮੇਰਾ ਪਾਸਪੋਰਟ ਕਹਿੰਦਾ ਮੈਂ ਕਿੰਨੇ ਸਾਲਾਂ ਤੋਂ ਉਡੀਕ ਕੀਤੀ ਸੀ, ਸਾਈਂ ਜੀ ਨੇ ਉਸਨੂੰ ਕਿਹਾ “ਤੂੰ ਬਾਹਰ ਜਾਕੇ ਕੀ ਕਰਨਾ ਤੇਰਾ ਸਬ ਕੁੱਛ ਇੱਥੇ ਹੀ ਹੈ” ਉਸਨੇ ਉਸੀ ਵੇਲੇ ਪਾਸਪੋਰਟ ਫਾੜ ਦਿੱਤਾ, ਅਗਨੀ ਸਾਕਸ਼ਾਤ ਸੀ, ਤੇ ਉਸੀ ਅੱਗ ਵਿੱਚ ਸਮਰਪਿਤ ਕਰ ਦਿੱਤਾ। ਸਾਈਂ ਜੀ ਨੇ ਉਸਦਾ ਅਟੁੱਟ ਵਿਸ਼ਵਾਸ ਦੇਖਿਆ ਤੇ ਅਸ਼ੀਰਵਾਦ ਦਿੱਤਾ, ਤੇ ਅੱਜ ਉਹ ਇਨਸਾਨ ਬਾਹਰ ਜਾਣ ਵਾਲੇ ਲੋਕਾਂ ਨਾਲੋਂ ਬਹੁਤ ਜ਼ਿਆਦਾ ਕਾਮਯਾਬ ਤੇ ਖੁਸ਼ਹਾਲ ਹੈ। ਗੁਰੂ ਦੀ ਨਜ਼ਰ ਵੀ ਉੱਥੇ ਹੀ ਹੁੰਦੀ ਹੈ ਜਿੱਥੇ ਗੁਰੂ ਦੇ ਹੁਕਮ ਦੀ ਪਾਲਣਾ ਹੋਵੇ। ਕਈ ਵਾਰ ਲੋਗ ਸੋਚਦੇ ਹਨ ਕਿ ਰੱਬ ਸਾਨੂੰ ਨਹੀਂ ਦਿੰਦਾ, ਪਰ ਅਸੀਂ ਭੁੱਲ ਜਾਂਦੇ ਹਾਂ ਕਿ ਕਮੀ ਸਾਡੇ ਲੈਣ ਵਿੱਚ ਹੈ ਉਨ੍ਹਾਂਦੇ ਦੇਣ ਵਿੱਚ ਨਹੀਂ। ਤਾਹੀਓਂ ਗੁਰਦਾਸ ਜੀ ਨੇ ਇੱਕ ਗੀਤ ਗਾਇਆ ਸੀ, “ਤੈਨੂੰ ਮੰਗਣਾ ਨਾ ਆਵੇ ਤੇ ਫ਼ਕੀਰ ਕੀ ਕਰੇ”।


“ਰਹਿਮਤ ਦਾ ਦਰਿਆ ਇਲਾਹੀ ਹਰ ਦਮ ਵੱਗਦਾ ਤੇਰਾ, ਜੇ ਸਾਈਆਂ ਇੱਕ ਕਤਰਾ ਬਖਸ਼ੇਂ ਤਾਂ ਕੰਮ ਬਣ ਜਾਵੇ ਮੇਰਾ”

ਅਕਸਰ ਦੇਖਿਆ, ਕਿ ਜਿਸ ਵੀ ਇਨਸਾਨ ਨੂੰ ਕਿਸੀ ਚੀਜ਼ ਦੀ ਲੋੜ ਹੁੰਦੀ ਤਾਂ ਸਾਈਂ ਜੀ ਉਸਨੂੰ ਆਪਣੇ ਆਪ ਓਹੀ ਦੇ ਦੇਂਦੇ ਸੀ । ਕਿਸੀ ਨੂੰ ਭੁੱਖ ਲੱਗੀ ਹੋਣੀ ਤੇ ਸਾਈਂ ਜੀ ਨੇ ਉਸਨੂੰ ਖਾਣ ਨੂੰ ਦੇ ਦੇਂਣਾ, ਜਿਸਨੂੰ ਪੈਸੇ ਦੀ ਲੋੜ ਹੁਣੀ , ਉਨ੍ਹਾਂ ਆਪ ਹੀ ਉਸਦੀ ਝੋਲੀ ਕੁੱਛ ਪਾ ਦੇਂਣਾ । ਤੇ ਜੇ ਕੋਈ ਉਦਾਸ ਹੁੰਦਾ ਤੇ ਉਸਨੂੰ ਕੋਈ ਐਸੀ ਬਾਤ ਸੁਣਾ ਦੇਣੀ ਕਿ ਉਸਨੂੰ ਆਪਣਾ ਦੁੱਖ ਭੁੱਲ ਜਾਂਦਾ ਸੀ। ਅੱਜ ਦੇ ਜਮਾਨੇ ਵਿੱਚ ਜੇ ਆਪਣੇ ਦੁੱਖ ਭੁੱਲ ਜਾਣ ਤਾਂ ਹੋਰ ਕੀ ਚਾਹੀਦਾ । ਓਹੀ ਤਾਂ ਸਿਰਫ ਭੁੱਲਦੇ ਨਹੀਂ ਬਾਕੀ ਰੱਬ ਨੂੰ ਜਰੂਰ ਭੁੱਲ ਜਾਂਦੇ ਹਾਂ। ਪਰ ਜੋ ਲੋਕ ਹਰ ਸਾਂਹ ਨਾਲ ਆਪਣੇ ਗੁਰੂ ਪੀਰ ਨੂੰ ਯਾਦ ਰੱਖਦੇ ਨੇ ਤੇ ਉਹਨਾਂ ਦੇ ਰਾਹ ਤੇ ਨਿਵਾਣਤਾ ਨਾਲ ਚੱਲਦੇ ਨੇ ਤਾਂ ਦੇਖਿਆ ਹੈ ਕਿ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਪਰ ਉਨ੍ਹਾਂ ਦੀ ਖੈਰ ਨਹੀਂ ਮੁੱਕਦੀ ।